Sunday, December 22, 2024
spot_img
spot_img
spot_img

ਨਿਊਜ਼ੀਲੈਂਡ-2023 ਮਰਦਮਸ਼ੁਮਾਰੀ ਅਨੁਸਾਰ 292,092 ਨੇ ਕਿਹਾ ਅਸੀਂ ਹਾਂ ਭਾਰਤੀ – 49,656 ਨੇ ਕਿਹਾ ਕਿ ਅਸੀਂ ਬੋਲਦੇ ਹਾਂ ‘ਪੰਜਾਬੀ’

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 03 ਅਕਤੂਬਰ, 2024

ਨਿਊਜ਼ੀਲੈਂਡ ਦੇ ਵਿਚ ਹਰ 5 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ। ਪਿਛਲੇ ਸਾਲ (2023) ਵਿਚ ਹੋਈ ਮਰਦਮਸ਼ੁਮਾਰੀ ਦੇ ਅੰਕੜੇ ਇਕ-ਇਕ ਕਰਕੇ ਆ ਰਹੇ ਹਨ। ਅੱਜ ਆਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਸਦੇ ਭਾਰਤੀ ਹੁਣ ਤੀਜੇ ਨੰਬਰ ਉਤੇ ਆ ਗਏ ਹਨ। ਇਥੇ ਰਹਿਣ ਵਾਲਿਆਂ ਵਿਚੋਂ 292,092 (5.8%) ਨੇ ਲਿਖਵਾਇਆ ਹੈ ਕਿ ਉਹ ਭਾਰਤੀ ਮੂਲ ਦੇ ਹਨ।

ਬਾਕੀ ਅੰਕੜੇ ਬੋਲਦੇ ਹਨ ਕਿ ਪਹਿਲੇ ਨੰਬਰ ਉਤੇ ਯੂਰਪੀਅਨ ਲੋਕ 3,099,858 (62.1%) ਇਥੇ ਰਹਿੰਦੇ ਹਨ ਅਤੇ ਦੂਜੇ ਨੰਬਰ ਉਤੇ ਮਾਓਰੀ ਲੋਕ 887,493 (17.8%) ਰਹਿੰਦੇ ਹਨ। ਤੀਜੇ ਉਤੇ ਭਾਰਤੀ ਜਿਵੇਂ ਉਪਰ ਲਿਖਿਆ ਹੈ ਅਤੇ ਚੌਥੇ ਨੰਬਰ ਉਤੇ ਚਾਈਨੀਜ਼ 279,039 (5.6%) ਅਤੇ ਪੰਜਵੇਂ ਉਤੇ ਸਾਮੋਅਨ ਲੋਕ 213,069 (4.3%) ਇਥੇ ਰਹਿੰਦੇ ਹਨ।

ਨਿਊਜ਼ੀਲੈਂਡ ਦੇ ਵਿਚ ਇਸ ਵੇਲੇ 150 ਤੋਂ ਵੱਧ ਭਾਸ਼ਾਵਾਂ ਬੋਲਣ ਵਾਲੇ ਰਲਵੇਂ-ਮਿਲਵੇਂ ਲੋਕ ਰਹਿੰਦੇ ਹਨ। ਨਿਊਜ਼ੀਲੈਂਡ ਦੇ 28.8% ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ ਜਦ ਕਿ ਬਾਕੀ 71.2% ਇਥੇ ਹੀ ਪੈਦਾ ਹੋਏ। ਜਨਗਣਨਾ ਵਿੱਚ 200 ਤੋਂ ਵੱਧ ਵੱਖ-ਵੱਖ ਜਨਮ ਸਥਾਨਾਂ ਨੂੰ ਰਿਕਾਰਡ ਕੀਤਾ ਗਿਆ ਹੈ, ਜੋ ਕਿ ਉਤਰ ਵਾਲੇ ਪਾਸੇ ਆਈਸਲੈਂਡ ਵਿੱਚ ਪੈਦਾ ਹੋਏ ਲੋਕਾਂ ਤੋਂ ਲੈ ਕੇ ਦੱਖਣ ਵਿੱਚ ਅਰਜਨਟੀਨਾ ਤੱਕ ਹੈ। ਇਥੇ ਰਹਿਣ ਵਾਲਿਆਂ ਦੀ ਆਬਾਦੀ ਵਿੱਚੋਂ 35 ਲੱਖ ਲੋਕ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਹਨ ਅਤੇ 14 ਲੱਖ ਵਿਦੇਸ਼ ਵਿੱਚ ਪੈਦਾ ਹੋਏ ਸਨ।

ਇਥੇ ਰਹਿੰਦੇ ਇੰਗਲੈਂਡ ਜਨਮਿਆਂ ਦੀ ਗਿਣਤੀ ਪਿਛਲੇ ਪੰਜਾਂ ਸਾਲਾਂ ਵਿਚ 1.2% ਘਟੀ ਹੈ ਜਦ ਕਿ ਚੀਨ ਵਾਲਿਆਂ ਦੀ ਗਿਣਤੀ 9.4% ਵਧੀ ਅਤੇ ਫਿਲਪੀਨਜ਼ ਜਨਮਿਆਂ ਦੀ ਗਿਣਤੀ 46.8% ਤੱਕ ਵਧੀ ਹੈ। ਭਾਰਤ ਜਨਮਿਆਂ ਦੀ ਗਿਣਤੀ 2013 ਦੇ ਵਿਚ 67,176, 2028 ਦੇ ਵਿਚ 117,348 ਅਤੇ 2023 ਦੇ ਵਿਚ 142,920 ਹੋ ਗਈ ਹੈ ਜੋ ਕਿ 21.8% ਦਾ ਵਾਧਾ ਹੈ।

ਭਾਸ਼ਾ ਦਾ ਵਿਸਥਾਰ: ਮੂਲ ਮਾਓਰੀ ਲੋਕਾਂ ਦਾ ਭਾਸ਼ਾ ਪ੍ਰਤੀ ਉਤਸ਼ਾਹ ਅਤੇ ਪ੍ਰਚਾਰ ਇਸ ਗੱਲ ਲਈ ਵਧਾਈ ਦਾ ਹੱਕਦਾਰ ਹੈ ਕਿ ਇਥੇ ਹੁਣ ਮਾਓਰੀ ਭਾਸ਼ਾ ਬੋਲਣ ਵਾਲੇ ਲੋਕ 213,849 ਹੋ ਗਏ ਹਨ। 2018 ਦੇ ਵਿਚ ਇਹ ਗਿਣਤੀ 185,955 ਸੀ ਅਤੇ ਇਹ ਵਾਧਾ 27,894 ਲੋਕਾਂ (15%) ਦਾ ਹੋਇਆ ਹੈ। ਗਿਸਬੋਰਨ ਅਤੇ ਨੌਰਥਲੈਂਡ ਖੇਤਰਾਂ ਵਿੱਚ ਤੀ-ਰੀਓ (ਮਾਓਰੀ) ਬੋਲਣ ਵਾਲਿਆਂ ਦਾ ਸਭ ਤੋਂ ਵੱਧ ਅਨੁਪਾਤ ਕ੍ਰਮਵਾਰ 16.9 ਪ੍ਰਤੀਸ਼ਤ ਅਤੇ 10.1 ਪ੍ਰਤੀਸ਼ਤ ਹੈ। ਇਹਨਾਂ ਖੇਤਰਾਂ ਵਿੱਚ ਮਾਓਰੀ ਆਬਾਦੀ ਦਾ ਸਭ ਤੋਂ ਵੱਡਾ ਅਨੁਪਾਤ ਕ੍ਰਮਵਾਰ 54.8 ਅਤੇ 37.4 ਪ੍ਰਤੀਸ਼ਤ ਹੈ।

ਪੰਜਾਬੀ ਭਾਸ਼ਾ ਨੇ ਵੀ ਗਤੀ ਫੜੀ: ਇਥੇ ਵਸਦੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਬੋਲਣ ਵਾਲਿਆਂ ਦੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ਦੇ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਲਗਦਾ ਹੈ ਕਿ ਪੰਜਾਬੀ ਭਾਸ਼ਾ ਨੇ ਵੀ ਗਤੀ ਫੜ ਲਈ ਹੈ। ਇਸ ਵੇਲੇ 49,656 ਲੋਕਾਂ ਨੇ ਮੁੱਖ ਰੂਪ ਵਿਚ ਪੰਜਾਬੀ ਭਾਸ਼ਾ ਬੋਲਣ ਨੂੰ ਦਰਜ ਕਰਵਾਇਆ ਹੈ ਅਤੇ ਇਹ ਵਾਧਾ 15,429 ਲੋਕਾਂ ਦਾ (45.1%) ਦਾ ਹੈ।

ਇਸ ਤਰ੍ਹਾਂ ਪੰਜਾਬੀ ਪਹਿਲੀਆਂ 10 ਜਿਆਦਾ ਬੋਲਣ ਵਾਲੀਆਂ ਭਾਸ਼ਾਵਾਂ ਦੇ ਵਿਚ ਆ ਗਈ ਹੈ। ਹਿੰਦੀ ਬੋਲਣ ਵਾਲਿਆਂ ਵਿਚ 77,985 ਨੇ ਆਪਣਾ ਨਾਂਅ ਲਿਖਵਾਇਆ ਅਤੇ ਇਹ ਵਾਧਾ 8514 ਦਾ ਹੈ। ਗਿਣਤੀ ਦੇ ਪੱਖੋਂ ਇਹ ਪੰਜਵੇਂ ਨੰਬਰ ਉਤੇ ਹੈ।

ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ: ਪਹਿਲੀ ਨਵੰਬਰ ਤੋਂ 07 ਨਵੰਬਰ 2024 ਤੱਕ ਪੰਜਵਾਂ ਪੰਜਾਬੀ ਭਾਸ਼ਾ ਹਫਤਾ ਵੀ ਵੱਖ-ਵੱਖ ਸ਼ਹਿਰਾਂ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਤਰ੍ਹਾਂ ਦੇ ਸਮਾਗਮ ਹੋ ਰਹੇ ਹਨ ਜਿਸ ਦੇ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਗੱਲਬਾਤ ਹੋਏਗੀ ਅਤੇ ਨਵੀਂ ਪੀੜ੍ਹੀ ਨੂੰ ਨਾਲ ਜੋੜਿਆ ਜਾਵੇਗਾ।

ਕਿੰਨੀ ਹੋਵੇਗੀ ਸਿੱਖਾਂ ਦੀ ਗਿਣਤੀ?: ਆਸ ਹੈ ਕਿ ਕੁਝ ਦਿਨਾਂ ਤੱਕ (08 ਅਕਤੂਬਰ ਨੂੰ) ਵੱਖ-ਵੱਖ ਕੌਮਾਂ ਦੀ ਗਿਣਤੀ ਦੇ ਅੰਕੜੇ ਵੀ ਆ ਜਾਣਗੇ। ਪਿਛਲੀ 2018 ਦੀ ਮਰਦਮਸ਼ੁਮਾਰੀ ’ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਸਿੱਖ ਧਰਮ ਮੰਨਣ ਵਾਲਿਆਂ ਦੀ ਗਿਣਤੀ ਦੇ ਵਿਚ 113.16% ਦਾ ਵਾਧਾ ਹੋਇਆ ਸੀ।

ਉਸ ਸਮੇ 40,908 ਲੋਕਾਂ ਨੇ ਸਿੱਖ ਧਰਮ ਲਿਖਵਾਇਆ ਸੀ ਜਦ ਕਿ 2013 ਦੀ ਮਰਦਮਸ਼ੁਮਾਰੀ ਦੇ ਵਿਚ ਸਿੱਖਾਂ ਧਰਮ ਮੰਨਣ ਵਾਲਿਆਂ ਦੀ ਗਿਣਤੀ 19,191 ਆਈ ਸੀ। ਸਾਲ 2023 ਦੇ ਆਉਣ ਵਾਲੇ ਅੰਕੜੇ ਵੀ ਵੱਡੇ ਫਰਕ ਨਾਲ ਸਾਹਮਣੇ ਆਉਣ ਦੀ ਆਸ ਹੈ। ਵਰਨਣਯੋਗ ਹੈ ਕਿ ਇਸ ਵੇਲੇ ਲਗਪਗ 35 ਗੁਰਦੁਆਰਾ ਸਾਹਿਬਾਨ ਨਿਊਜ਼ੀਲੈਂਡ ਦੇ ਵਿਚ ਵੱਖ-ਵੱਖ ਸਥਾਨਾਂ ਉਤੇ ਸੁਸ਼ੋਭਿਤ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ