ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 28, 2024
ਇਕ ਅਦਾਲਤ ਵੱਲੋਂ ਫਲੋਰਿਡਾ ਵਾਸੀ ਇਕ ਔਰਤ ਨੂੰ ਆਪਣੇ ਦੋਸਤ ਲੜਕੇ ਦੀ ਹੋਈ ਮੌਤ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਦੇਣ ਦੀ ਖਬਰ ਹੈ। ਦੂਸਰਾ ਦਰਜਾ ਹੱਤਿਆ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੀ ਔਰਤ ਨੂੰ 2 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ।
ਇਹ ਮਾਮਲਾ 2020 ਦਾ ਹੈ। ਸਰਾਹ ਬੂਨ ਨਾਮੀ ਔਰਤ ਜੋ ਹੁਣ 47 ਸਾਲਾਂ ਦੀ ਹੈ, ਨੇ ਆਪਣੇ ਦੋਸਤ ਜਾਰਜ ਟੋਰਸ ਜੂਨੀਅਰ (42) ਨੂੰ ਸੂਟਕੇਸ ਵਿਚ ਬੰਦ ਕਰ ਦਿੱਤਾ ਸੀ ਜਿਸ ਉਪਰੰਤ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ ਸੀ।
ਅਦਾਲਤੀ ਰਿਕਾਰਡ ਅਨੁਸਾਰ ਬੂਨ ਨੇ ਪੁੱਛਗਿੱਛ ਦੌਰਾਨ ਅਧਿਕਾਰੀਆਂ ਨੂੰ ਦੱਸਿਆ ਕਿ ਲੁਕਣ ਮੀਟੀ ਖੇਡਣ ਦੌਰਾਨ ਟੋਰਸ ਸੂਟਕੇਸ ਵਿਚ ਫੱਸ ਗਿਆ ਸੀ। ਦੋਨਾਂ ਨੇ ਆਪਣੇ ਵਿੰਟਰ ਪਾਰਕ ਰਿਹਾਇਸ਼ ਵਿੱਚ ਵਾਈਨ ਪੀਤੀ ਤੇ ਖੇਡ-ਖੇਡ ਵਿਚ ਜੂਨੀਅਰ ਦੀ ਮੌਤ ਹੋ ਗਈ।
ਓਰੇਂਜ ਕਾਊਂਟੀ ਦੇ ਸ਼ੈਰਿਫ ਦਫਤਰ ਵੱਲੋਂ ਦਾਇਰ ਹਲਫੀਆ ਬਿਆਨ ਅਨੁਸਾਰ ਦੋਨਾਂ ਨੇ ਸੋਚਿਆ ਕਿ ਖੇਡ ਦੇ ਹਿੱਸੇ ਵਜੋਂ ਸੂਟਕੇਸ ਵਿਚ ਬੰਦ ਹੋਣਾ ਵਧੀਆ ਮਜ਼ਾਕ ਹੋਵੇਗਾ।
ਟੋਰਸ ਸੂਟਕੇਸ ਵਿਚ ਵੜ ਗਿਆ ਤੇ ਬੂਨ ਨੇ ਸੂਟਕੇਸ ਦੀ ਜ਼ਿਪ ਲਾ ਦਿੱਤੀ। ਟੋਰਸ ਦੀਆਂ 2 ਊਂਗਲਾਂ ਸੂਟਕੇਸ ਦੇ ਬਾਹਰ ਸਨ। ਹਲਫੀਆ ਬਿਆਨ ਅਨੁਸਾਰ ਬੂਨ ਨੇ ਸਮਝਿਆ ਕਿ ਉਹ ਆਪੇ ਸੂਟਕੇਸ ਖੋਲ ਲਵੇਗਾ।
ਇਹ ਸੋਚ ਕੇ ਉਹ ਉਪਰ ਕਮਰੇ ਵਿਚ ਚਲੇ ਗਈ। ਜਦੋਂ ਉਹ ਥੋੜੀ ਦੇਰ ਬਾਅਦ ਹੇਠਾਂ ਆਈ ਤਾਂ ਟੋਰਸ ਸੂਟਕੇਸ ਵਿਚ ਹੀ ਬੰਦ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।
ਸਟੇਟ ਅਟਾਰਨੀ ਐਂਡਰੀਊ ਬੇਨ ਦੇ ਦਫਤਰ ਅਨੁਸਾਰ ਸੁਣਵਾਈ ਦੌਰਾਨ ਸਬੂਤ ਵਜੋਂ ਬੂਨ ਦੇ ਫੋਨ ਉਪਰ ਲੱਭੀ ਇਕ ਵੀਡੀਓ ਵੀ ਪੇਸ਼ ਕੀਤੀ ਗਈ ਜਿਸ ਵਿਚ ਟੋਰਸ ਦੁਹਾਈ ਪਾਉਂਦਾ ਹੈ ਤੇ ਮਿੰਨਤਾਂ ਕਰਦਾ ਹੈ ਕਿ ਉਸ ਨੂੰ ਬਾਹਰ ਕੱਢੋ ਪਰੰਤੂ ਬੂਨ ਕੱਢਣ ਦੀ ਬਜਾਏ ਹੱਸਦੀ ਹੈ ਤੇ ਉਸ ਨੇ ਟੋਰਸ ਦੀ ਬੇਨਤੀ ਵੱਲ ਕੋਈ ਧਿਆਨ ਨਹੀਂ ਦਿੱਤਾ।
ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਬੂਨ ਵੱਲੋਂ ਖੁਦ ਰਿਕਾਰਡ ਕੀਤੀ ਵੀਡੀਓ ਵਿਚ ਟੋਰਸ ਕਹਿ ਰਿਹਾ ਹੈ ਕਿ ਉਹ ਸਾਹ ਨਹੀਂ ਲੈ ਸਕਦਾ ਕ੍ਰਿਪਾ ਕਰਕੇ ਉਸ ਨੂੰ ਬਾਹਰ ਕੱਢ ਲਵੋ। ਇਸ ਦੇ ਜਵਾਬ ਵਿਚ ਬੂਨ ਕਹਿੰਦੀ ਹੈ ਕਿ ਹੁਣ ਆਇਆ ਮਜ਼ਾ, ਜਦੋਂ ਤੂੰ ਮੇਰੇ ਨਾਲ ਮਜ਼ਾਕ ਕਰਦਾ ਸੀ , ਮੈਂ ਵੀ ਤਾਂ ਏਦਾਂ ਹੀ ਮਿੰਨਤਾਂ ਪਾਉਂਦੀ ਸੀ।
ਹਲਫੀਆ ਬਿਆਨ ਅਨੁਸਾਰ ਵੀਡੀਓ ਤੋਂ ਸਾਫ ਹੈ ਕਿ ਟੋਰਸ ਨੇ ਸੂਟਕੇਸ ਵਿਚੋਂ ਨਿਕਲਣ ਲਈ ਪੂਰਾ ਵਾਹ ਲਾਇਆ ਪਰੰਤੂ ਉਹ ਅਸਫਲ ਰਿਹਾ। 10 ਦਿਨ ਚੱਲੀ ਸੁਣਵਾਈ ਉਪਰੰਤ ਅਦਾਲਤ ਨੇ ਬੂਨ ਨੂੰ ਦੋਸ਼ ਕਰਾਰ ਦੇ ਦਿੱਤਾ।
ਬੂਨ ਦੇ ਵਕੀਲ ਨੇ ਅਦਾਲਤ ਦੇ ਫੈਸਲੇ ਉਪਰ ਨਿਰਾਸ਼ਤਾ ਪ੍ਰਗਟਾਈ ਹੈ ਜਦ ਕਿ ਟੋਰਸ ਦਾ ਪਰਿਵਾਰ ਫੈਸਲਾ ਸੁਣਨ ਉਪਰੰਤ ਭਾਵਕ ਨਜਰ ਆਇਆ ਤੇ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ।