ਅੱਜ-ਨਾਮਾ
ਦਿੱਤਾ ਈ ਮਾਪਿਆਂ ਦਾ ਮਾਰ ਪੁੱਤ ਕੋਈ,
ਪੇਪਰ ਗਿਆ ਸਰਪੰਚੀ ਦਾ ਭਰਨ ਬੇਲੀ।
ਮਾਰਨ ਵਾਲੇ ਪਛਾਣ ਵਿੱਚ ਆਏ ਨਾਹੀਂ,
ਹੋਏ ਪਤਾ ਨਹੀਂ ਕਿੱਥੇ ਆ ਹਰਨ ਬੇਲੀ।
ਮੁੰਡਾ ਕੌਣ ਨੇ ਮਾਰਨ-ਮਰਵਾਉਣ ਵਾਲੇ,
ਦਾਅਵੇ ਲੋਕ ਤਾਂ ਲੱਖ ਪਏ ਕਰਨ ਬੇਲੀ।
ਪੁਲਸ ਕਿਹਾ ਕਿ ਮੁਜਰਮ ਨੇ ਫੜੇ ਜਾਣੇ,
ਲੋਕੀਂ ਮੂਲ ਨਹੀਂ ਕਿਸੇ ਤੋਂ ਡਰਨ ਬੇਲੀ।
ਗੱਲ ਤਾਂ ਸੱਚੀ ਕਿ ਕਾਤਲ ਵੀ ਫੜੇ ਜਾਣੇ,
ਤਦ ਤੱਕ ਹੋਰ ਵੀ ਚੰਦ ਆ ਚੜ੍ਹ ਸਕਦਾ।
ਪਿੰਡੋ-ਪਿੰਡੀ ਜੇ ਏਦਾਂ ਦੇ ਫਿਰਨ ਕਾਤਲ,
ਮੂਹਰੇ ਆਦਮੀ ਆਮ ਨਹੀਂ ਖੜ ਸਕਦਾ।
ਤੀਸ ਮਾਰ ਖਾਂ
8 ਅਕਤੂਬਰ, 2024