ਅੱਜ-ਨਾਮਾ
ਕੰਗਨਾ ਵਾਲਾ ਨਹੀਂ ਮੁੱਕਿਆ ਅਜੇ ਰੱਫੜ,
ਬਣੀ ਪਈ ਫਿਲਮ ਹੈ ਸੁਣੀਂਦੀ ਹੋਰ ਬੇਲੀ।
ਕੰਧਾਰ ਕਾਂਡ ਦੇ ਬਾਰੇ ਆਹ ਬਣੀ ਕਹਿੰਦੇ,
ਜਿਸ ਦੇ ਬਾਰੇ ਪਿਆ ਸੁਣੀਂਦਾ ਸ਼ੋਰ ਬੇਲੀ।
ਕੋਈ ਰਿਲੀਜ਼ ਦੇ ਬਾਰੇ ਆ ਜ਼ੋਰ ਪਾਉਂਦਾ,
ਲਾਉਂਦਾ ਰੋਕਣ ਦਾ ਕੋਈ ਆ ਜ਼ੋਰ ਬੇਲੀ।
ਹਰ ਕੋਈ ਆਪਣਾ ਪੱਖ ਤਾਂ ਠੀਕ ਕਹਿੰਦਾ,
ਵਿਰੋਧੀ ਧਿਰ ਨੂੰ ਕਹਿੰਦਾ ਉਹ ਚੋਰ ਬੇਲੀ।
ਵੱਸਦਾ ਦੇਸ਼ ਇਹ ਦੇਣ ਨਹੀਂ ਸੁਖੀ ਵੱਸਣ,
ਜੋ ਵੀ ਆਉਂਦਾ, ਚੁਆਤੀ ਹੈ ਲਾਈ ਜਾਂਦਾ।
ਫਿਲਮ ਪ੍ਰਚਾਰ ਨੂੰ ਜ਼ਹਿਰਾਂ ਦੀ ਮੁੱਠ ਪਾ ਕੇ,
ਹਰ ਕੋਈ ਤਰਦਾ ਹੈ ਮਾਲ ਕਮਾਈ ਜਾਂਦਾ।
ਤੀਸ ਮਾਰ ਖਾਂ
4 ਸਤੰਬਰ, 2024