ਨਰਾਇਣ ਦੱਤ
ਚੰਡੀਗੜ੍ਹ, ਅਗਸਤ 12, 2024:
ਅਸੀਂ ਪਿਛਲੇ ਸਾਲਾਂ ਵਿੱਚ ਚਮਕਦਾ ਲਾਲ ਤਾਰਾ, ਲਾਲ ਪਰਚਮ ਦੇ ਅੰਕਾਂ ਤੇ ਵਿਸ਼ੇਸ਼ ਅੰਕਾਂ ਸਮੇਤ ਅਖਬਾਰਾਂ ਵਿੱਚ ਛਪੇ ਲੇਖਾਂ ਵਿੱਚ ਸ਼ਹੀਦ ਕਿਰਨਜੀਤ ਕੌਰ ਸਮੂਹਿਕ ਜਬਰਜਿਨਾਹਫ਼ਕਤਲ ਕਾਂਡ ਵਿਰੋਧੀ ਸਾਂਝੇ ਘੋਲ ਮਹਿਲਕਲਾਂ ਦੀ 29 ਜੁਲਾਈ 1997 ਤੋਂ ਲੈਕੇ ਹੁਣ ਤੱਕ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ।
ਸਮਾਜਿਕ ਜਬਰ ਖਾਸ ਕਰ ਔਰਤਾਂ ਉੱਪਰ ਹੁੰਦੇ ਜਬਰ ਵਿਰੋਧੀ ਇਸ ਲੋਕ ਘੋਲ ਨੇ 25 ਸਾਲ ਦਾ ਔਕੜਾਂ ਭਰਿਆ ਮੋੜਾਂ-ਘੋੜਾਂ ਵਾਲਾ ਸ਼ਾਨਾਮੱਤਾ ਸਫਰ ਤਹਿ ਕੀਤਾ ਹੈ।
ਆਮ ਔਰਤਾਂ ਖਿਲ਼ਾਖ਼ ਵਾਪਰ ਦੀਆਂ ਜਬਰ ਦੀਆਂ ਘਟਨਾਵਾਂ ਵਾਂਗ ਕਾਲਜ ਤੋਂ ਵਾਪਸ ਘਰ ਪਰਤ ਰਹੀ ਇੱਕ ਵਿਦਿਆਰਥਣ ਨਾਲ ਅਗਵਾ ਹੋਣ ਤੋਂ ਸਮੂਹਿਕ ਜਬਰਜਿਨਾਹ ਤੋਂ ਲੈਕੇ ਕਤਲ ਹੋਣ ਤੱਕ ਵਾਪਰੀ ਇਹ ਵੀ ਇੱਕ ਘਟਨਾ ਹੀ ਸੀ।
ਇਲਾਕੇ ਦੀ ਸੰਘਰਸ਼ਮਈ ਵਿਰਾਸਤ ਆਪਣੀ ਬੁੱਕਲ ਵਿੱਚ ਸਮੋਈ ਬੈਠੀ ਵੱਖੋ-ਵੱਖ ਵਿਚਾਰਾਂ ਵਾਲੀ ਅਗਵਾਨੂੰ ਟੀਮ ਕੋਲ ਜਦ 2 ਅਗਸਤ 1997 ਨੂੰ ਇਹ ਮਸਲਾ ਆਇਆ ਤਾਂ ਪਹਿਲੀ ਨਜਰੇ ਹੀ ਇਹ ਮਸਲਾ ਸਾਧਾਰਨ ਨਹੀਂ ਜਾਪਦਾ ਸੀ।
ਕਿਉਕਿ ਇਸ ਮਸਲੇ ਦੇ ਹੱਲ ਲਈ ਅਧਿਆਪਕ ਜਥੇਬੰਦੀਆਂ ਸਾਂਝੇ ਤੌਰ ‘ਤੇ ਪੜਤਾਲ ਕਰਨ ਉਪਰੰਤ ਜਥੇਬੰਦਕ ਰੂਪ ‘ਚ ਯਤਨ ਜੁਟਾ ਚੁੱਕੀਆਂ ਸਨ।ਪੁਲਿਸ ਪ੍ਰਸ਼ਾਸ਼ਨ ਦਾ ਇੱਕਪਾਸੜ ਦੋਸ਼ੀਆਂ ਦਾ ਪੱਖ ਪੂਰਨ ਵਾਲਾ ਰਵੱਈਆ ਸਪਸ਼ਟ ਹੋ ਚੁੱਕਾ ਸੀ।
ਐਕਸ਼ਨ ਕਮੇਟੀ ਦਾ ਗਠਨ ਕਰਕੇ ਦਰੁਸਤ ਬੁਨਿਆਦੀ ਅਸੂਲ ਤਹਿ ਕੀਤਾ ਕਿ ਲੋਕ ਇਤਿਹਾਸ ਦੇ ਸਿਰਜਣਹਾਰ ਹੁੰਦੇ ਹਨ। ਇਸ ਲਈ ਸੰਘਰਸ਼ ਲੋਕਾਂ ‘ਤੇ ਟੇਕ ਰੱਖਕੇ ਚਲਾਇਆ ਜਾਵੇਗਾ।
ਇਹ ਘੋਲ ਕਿਸੇ ਵਿਸ਼ੇਸ਼ ਪਾਰਲੀਮਾਨੀ ਸਿਆਸਤ ਦੀ ਝੋਲੀ ‘ਚ ਪੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਵਾਰਦਾਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਕੀਤੀ ਪਹਿਲੀ ਮੁਲਾਕਾਤ ਸਮੇਂ ਰਵੱਈਏ ਤੋਂ ਅਧਿਆਪਕ ਜਥੇਬੰਦੀਆਂ ਦੀ ਪੁਲਿਸ ਦੇ ਰਵੱਈਏ ਬਾਰੇ ਰੱਖੀ ਗੱਲ ਉੱਪਰ ਮੋਹਰ ਲੱਗ ਗਈ ਸੀ।
ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮਹਿਲਕਲਾਂ ਦੇ ਬਦਨਾਮ ਗੁੰਡਾ ਟੋਲੇ ਦੇ ਅਯਾਸ਼ ਵੱਡੇ ਘਰਾਂ ਦੇ ਕਾਕਿਆਂ ਦੀ ਸ਼ਮੂਲੀਅਤ ਦੇ ਮੁੱਢਲੇ ਸੰਕੇਤ ਸਾਹਮਣੇ ਆ ਗਏ ਸਨ।
ਇਸ ਕਰਕੇ ਐਕਸ਼ਨ ਕਮੇਟੀ ਨੇ ਥੋੜੇ ਸਮੇਂ ਵਿੱਚ ਹੀ ਵੱਡਾ ਫੈਸਲਾ ਲੈਂਦਿਆਂ 4 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿੱਚ ਇਕੱਠੇ ਹੋਣ ਤੋਂ ਬਾਅਦ ਪੁਲਿਸ ਥਾਣਾ ਮਹਿਲਕਲਾਂ ਵੱਲ ਮਾਰਚ ਕਰਨ ਦਾ ਜੁਅਰਤਮੰਦ ਐਲਾਨ ਕਰ ਦਿੱਤਾ।
ਇਸ ਤੋਂ ਬਾਅਦ 27 ਸਾਲਾਂ ਦੇ ਲੋਕ ਸੰਘਰਸ਼ ਦੀ ਚੁਣੌਤੀਆਂ ਭਰਪੂਰ ਗਾਥਾ ਲਗਤਾਰ ਜਾਰੀ ਰਹਿ ਰਹੀ ਹੈ।
ਐਕਸ਼ਨ ਕਮੇਟੀ ਆਗੂਆਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਵੱਲੋਂ ਦਰਪੇਸ਼ ਚੁਣੌਤੀ ਨੂੰ ਪੂਰੀ ਸਿਦਕਦਿਲੀ ਨਾਲ ਸਵੀਕਾਰ ਕੀਤਾ ਹੈ। ਮੌਤ ਦੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਬਗੈਰ ਪਲ-ਪਲ ਸੰਘਰਸ਼ ਦੀ ਧਾਰ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਇਆ ਹੈ।
ਇਤਿਹਾਸ ਦੇ ਇਸ ਲੋਕ ਘੋਲ ਦੇ ਸੂਹੇ ਪੰਨਿਆਂ ਨੂੰ ਸਿਰ ‘ਤੇ ਮੌਤ ਦਾ ਕਫਨ ਬੰਨ੍ਹ ਕੇ ਤੁਰੇ ਲੱਖਾਂ ਜੁਝਾਰੂ ਮਰਦ-ਔਰਤਾਂ ਦੇ ਕਾਫਲਿਆਂ ਨੇ ਸੁਨਿਹਰੀ ਹਰਫਾਂ ਵਿੱਚ ਲਿਖਿਆ ਹੈ।
ਇਹ ਕਾਫਲੇ ਨਾ ਝੁਕੇ ਹਨ, ਨਾ ਲਿਫੇ ਹਨ, ਨਾ ਖੌਖ਼ ਖਾਧਾ ਹੈ, ਨਾ ਡਰੇ ਹਨ, ਨਾ ਬਦਜਨ ਹੋਏ ਹਨ। ਇਸ ਲੋਕ ਘੋਲ ਨੂੰ ਲੇਖਕਾਂ, ਗੀਤਕਾਰਾਂ, ਨਾਟਕਕਾਰਾਂ, ਫਿਲਮ ਪ੍ਰੋਡਿਊਸਰਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੇ ਲੋਕ ਮਨਾਂ ਦਾ ਹਿੱਸਾ ਬਨਾਉਣ ਵਿੱਚ ਅਹਿਮ ਭੁਮਿਕਾ ਨਿਭਾਈ ਹੈ।
ਲੱਖਾਂ ਲੋਕ 27 ਸਾਲ ਤੋਂ ਜੀਅ-ਜਾਨ ਨਾਲ ਇਸ ਲੋਕ ਘੋਲ ਦੀ ਢਾਲ ਤੇ ਤਲਵਾਰ ਬਣੇ ਹੋਏ ਹਨ। ਐਕਸ਼ਨ ਕਮੇਟੀ ਦੀ ਅਗਵਾਨੂੰ ਭੂਮਿਕਾ ਸੰਸਾਰ ਪੱਧਰੇ ਘੋਲਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦੇਸ਼ਾਂ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਸਮੇਤ ਇਨਕਲਾਬੀ ਜਮਹੂਰੀ ਲਹਿਰ ਦੇ ਹਿੱਸੇ ਇਸ ਲੋਕ ਘੋਲ ਦਾ ਜਾਨਦਾਰ ਹਿੱਸਾ ਬਣੇ ਹੋਏ ਹਨ।
ਇਸ ਲੋਕ ਘੋਲ ਦੌਰਾਨ ਵੱਡੇ ਘਾਟੇ ਵੀ ਪਏ ਹਨ। ਐਕਸ਼ਨ ਕਮੇਟੀ ਦੇ ਨਿਧੜਕ ਆਗੂ ਮਰਹੂਮ ਸਾਥੀ ਭਗਵੰਤ ਸਿੰਘ, ਮਾ. ਮੋਹਣ ਸਿੰਘ, ਡਾ ਕੁਲਵੰਤ ਰਾਏ ਪੰਡੋਰੀ, ਪ੍ਰੀਤਮ ਦਰਦੀ ਦੇ ਬੇਵਕਤੀ ਵਿਛੋੜੇ ਦਾ ਸੱਲ ਵੀ ਬਰਦਾਸ਼ਤ ਕਰਨਾ ਪਿਆ ਹੈ।
ਇਨ੍ਹਾਂ ਵੱਡੇ ਘਾਟਿਆਂ ਦੇ ਬਾਵਜੂਦ ਪ੍ਰਾਪਤੀਆਂ ਕਿਤੇ ਵਡੇਰੀਆਂ ਹਨ। ਔਰਤਾਂ ਨੂੰ ਪੱਥਰ, ਧਨ ਬਿਗਾਨਾ, ਗਿੱਚੀ ਪਿੱਛੇ ਮੱਤ, ਰੰਨਾਂ ਚੰਚਲ ਹਾਰੀਆਂ, ਕਾਣਾਂ ਮਕਾਣਾਂ ਜਾਣ ਵਾਲੀਆਂ, ਭੋਗ ਵਿਲਾਸ ਦੀ ਵਸਤੂ, ਰੰਨ, ਘੋੜਾ ਤੇ ਤਲਵਾਰ ਦੇ ਨਾਲ ਤੋਲਣ, ਪੈਰ ਦੀ ਜੁੱਤੀ ਸਮਝਣ ਦੀਆਂ ਜਗੀਰੂ ਰੁਚੀਆਂ ਅਤੇ ਆਧੁਨਿਕਤਾ ਦੇ ਯੁੱਗ ਵਿੱਚ ਮੰਡੀ ਵਿੱਚ ਮਾਲ ਵੇਚਣ ਵਾਲੀ ਵਸਤੂ ਆਦਿ ਦੇ ਲਕਬਾਂ ਨਾਲ ਸੰਬੋਧਿਤ ਹੋਇਆ ਜਾਂਦਾ ਹੈ।
ਮਹਿਲਕਲਾਂ ਲੋਕ ਘੋਲ ਨੇ ਇਸ ਮੱਧਯੁੱਗੀ ਪਿਛਾਖੜੀ ਵਿਚਾਰ ਦੀ ਜਗ੍ਹਾ ਔਰਤਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਿਆਂ ਮਰਦਾਂ ਸੰਗ ਜੋਟੀ ਪਾ ਕੇ ਸੰਘਰਸ਼ਾਂ ਦੇ ਮੈਦਾਨ ਵਿਚ ਨਿਤਰਨ ਲਈ ਪ੍ਰੇਰਿਆ ਹੈ।
ਅੱਖਾਂ ਵਿੱਚੋਂ ਵਗਦੇ ਹੰਝੂਆਂ ਨੂੰ ਰੋਹਲੇ ਅੰਗਿਆਰਾਂ ਵਿੱਚ ਤਬਦੀਲ ਕੀਤਾ ਹੈ। ਇਹ ਵੀ ਸਿਖਾਆਇਆ ਹੈ ਕਿ ਵੱਡੀ ਤੋਂ ਵੱਡੀ ਖੂੰਖਾਰ ਤਾਕਤ ਨਾਲ ਟੱਕਰ ਲਈ ਜਾ ਸਕਦੀ ਹੈ, ਜਿੱਤ ਵੀ ਹਾਸਲ ਕੀਤੀ ਜਾ ਸਕਦੀ ਹੈ।
ਇਸ ਵਰਤਾਰੇ ਦੀ ਤਹਿ ਤੱਕ ਜਾਂਦਿਆਂ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਦੇ ਖਾਤਮੇ ਕਰਨ ਤੋਂ ਅੱਗੇ ਨਵਾਂ ਲੋਕ ਪੱਖੀ ਜਮਹੂਰੀ ਪ੍ਰਬੰਧ ਸਿਰਜਣ ਦੇ ਵਿਗਿਆਨ ਦਾ ਸਿਧਾਂਤ ਲਾਗੂ ਕੀਤਾ ਹੈ।
ਵੱਖ-ਵੱਖ ਵਿਚਾਰਾਂ ਦੇ ਗੁਲਦਸਤੇ ਵਿੱਚ ਆਪਸੀ ਵਿਚਾਰਾਂ ਦੇ ਮੱਤਭੇਦ ਆਉਣੇ ਸੁਭਾਵਿਕ ਹੁੰਦੇ ਹਨ। ਇਨ੍ਹਾਂ ਮੱਤਭੇਦਾਂ ਨੂੰ ਵਿਗਿਆਨਕ ਵਿਚਾਰਧਾਰਾ ਦੀ ਕਸਵੱਟੀ (ਸੰਘਰਸ਼-ਏਕਤਾ-ਸੰਘਰਸ਼) ਰਾਹੀਂ ਹੱਲ ਕੀਤਾ ਹੈ।
ਇਸ ਲੋਕ ਘੋਲ ਦੇ ਕਈ ਅਜਿਹੇ ਅਹਿਮ ਪੜਾਅ ਵੀ ਆਏ ਜਦੋਂ ਇਸ ਗੱਠਜੋੜ ਨੇ ਬਹੁਤ ਵੱਡੀ ਚੁਣੌਤੀ ਪੇਸ਼ ਕੀਤੀ, ਇੱਕ ਤਰ੍ਹਾਂ ਦੀ ਐਕਸ਼ਨ ਕਮੇਟੀ ਦੀ ਬੁਨਿਆਦ ਵੀ ਖ਼ਤਰੇ ਵਿੱਚ ਪਾ ਦਿੱਤੀ ਗਈ।
3 ਮਾਰਚ 2001 ਗੁੰਡਾ ਸਲਤਨਤ ਦੇ ਸਰਗਣੇ ਦਲੀਪੇ ਦੇ ਬਰਨਾਲਾ ਕਚਿਹਰੀ ਵਿੱਚ ਹੋਏ ਝਗੜੇ ਤੋਂ ਬਾਅਦ ਹੋਈ ਮੌਤ ਵਿੱਚ ਪੂਰੀ ਸਾਜਿਸ਼ ਨਾਲ ਐਕਸ਼ਨ ਕਮੇਟੀ ਦੇ ਤਿੰਨ ਲੋਕ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ) ਦੇ ਨਾਂ ਸ਼ਾਮਿਲ ਕਰਨੇ ਅਤੇ 28-30 ਮਾਰਚ 2005 ਨੂੰ ਤਿੰਨੇ ਲੋਕ ਆਗੂਆਂ ਨੂੰ ਤਿੱਖੜ ਦੁਪਿਹਰ ਵਾਪਰੇ ਸੱਚ ਨੂੰ ਦਰਕਿਨਾਰ ਕਰਦਿਆਂ ਉਮਰ ਕੈਦ ਦੀ ਸਜ਼ਾ ਸੁਣਾਕੇ ਜੇਲ੍ਹ ਭੇਜਣਾ।ਅਜਿਹੇ ਮੌਕੇ ਨਿਰਣਾਇਕ ਮੋੜ ਵਾਲੇ ਹੁੰਦੇ ਹਨ।
ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਈਆਂ ਤਾਕਤਾਂ ਨੇ ਅਜਿਹੀਆਂ ਸੰਭਾਵੀ ਚੁਣੌਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ’ਤੇ ਤਿਆਰ ਰਹਿਣਾ ਹੁੰਦਾ ਹੈ।
ਤਿੰਨ ਲੋਕ ਆਗੂਆਂ ਨੂੰ ਸਜ਼ਾ ਸੁਨਾਉਣ ਵਾਲੇ ਮਸਲੇ ਪ੍ਰਤੀ ਪਹਿਲਾਂ ਹੀ ਸੁਚੇਤ ਐਕਸ਼ਨ ਕਮੇਟੀ 28 ਮਾਰਚ 2005 ਨੂੰ ਅਦਾਲਤ ਵਿੱਚ ਤਿੰਨੇ ਲੋਕ ਆਗੂਆਂ ਦੇ ਪੇਸ਼ ਹੋਣ ਤੋਂ ਪਹਿਲਾਂ ਐਕਸ਼ਨ ਕਮੇਟੀ ਦੀ ਅਗਵਾਈ ਦੀ ਜਿੰਮੇਵਾਰੀ ਸਾਥੀ ਭਗਵੰਤ ਸਿੰਘ ਨੂੰ ਸੌਂਪ ਦਿੰਦੀ ਹੈ ਤਾਂ ਜੋ ਭਵਿੱਖ ਵਿੱਚ ਦਰਪੇਸ਼ ਚੁਣੌਤੀ ਦਾ ਟਾਕਰਾ ਕੀਤਾ ਜਾ ਸਕੇ।
ਹੋਇਆ ਵੀ ਬਿਲਕੁਲ ਉਸੇ ਤਰ੍ਹਾਂ ਜਦ 28 ਮਾਰਚ 2005 ਨੂੰ ਤਿੰਨੇ ਲੋਕ ਆਗੂਆਂ ਨੂੰ ਬਰਨਾਲਾ ਦੀ ਸ਼ੈਸ਼ਨ ਕੋਰਟ ਨੇ ਤਿੰਨੇ ਲੋਕ ਆਗੂਆਂ ਨੂੰ ਕਤਲ ਦੇ ਦੋਸ਼ ਵਿੱਚ ਦੋਸ਼ੀ ਠਹਿਰਾਕੇ ਜੇਲ੍ਹ ਰਵਾਨਾ ਕੀਤਾ ਤਾਂ ਬਰਨਾਲਾ ਦੀ ਕਚਿਹਰੀ ਚੌਂਕ ‘ਚ ਸੈਂਕੜੇ ਜੁਝਾਰੂ ਮਰਦ-ਔਰਤਾਂ ਦਾ ਕਾਫਲਾ ‘ਕੀ ਕਰਨਗੇ ਜੇਲਾਂ ਥਾਣੇ-ਲੋਕਾਂ ਦੇ ਹੜ੍ਹ ਵਧਦੇ ਜਾਣੇ’ ਅਕਾਸ਼ ਗੁੰਜਾਊ ਨਾਹਰੇ ਮਾਰਦਾ ਸ਼ਹੀਦ ਭਗਤ ਸਿੰਘ ਚੌਂਕ ਵੱਲ ਰਵਾਨਾ ਹੋ ਗਿਆ।
ਲੋਕ ਕਾਫਲਿਆਂ ਦਾ ਇਹ ਇਤਿਹਾਸਕ ਸੰਗਰਾਮੀ ਸਖ਼ਰ ਪਹਿਲਾਂ ਤਿੰਨ ਦਰਜਨ ਜਨਤਕ ਜਮਹੂਰੀ ਜਥੇਬੰਦੀਆਂ ‘ਤੇ ਅਧਾਰਤ ‘ਤਿੰਨ ਲੋਕ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ ਪੰਜਾਬ’ ਅਤੇ ਮਨਜੀਤ ਧਨੇਰ ਦੀ 3 ਸਤੰਬਰ 2019 ਨੂੰ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ 42 ਜਨਤਕ ਜਮਹੂਰੀ ਜਥੇਬੰਦੀਆਂ’ਤੇ ਅਧਾਰਤ ‘ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ ਪੰਜਾਬ’ ਦੀ ਅਗਵਾਈ ਹੇਠ 15 ਨਵੰਬਰ 2021 (ਸਜ਼ਾ ਰੱਦ ਹੋਣ) ਤੱਕ ਜਾਰੀ ਰਿਹਾ।
ਸਮਾਜ ਵਿੱਚ ਵਿਰੋਧਤਾਈਆਂ ਹਮੇਸ਼ਾ ਮੌਜੂਦ ਰਹਿੰਦੀਆਂ ਹਨ। ਇਨ੍ਹਾਂ ਵਿਰੋਧਤਾਈਆਂ ਨੂੰ ਵੇਖਣਫ਼ਸਮਝਣ ਦਾ ਨਜ਼ਰੀਆ ਵੀ ਇੱਕੋ ਜਿਹਾ ਨਹੀਂ ਹੁੰਦਾ।
ਹਰ ਵਿਅਕਤੀ ਤੋਂ ਲੈ ਕੇ ਸੰਸਥਾ ਤੱਕ ਵਿਰੋਧਤਾਈਆਂ ਨੂੰ ਆਪੋ ਆਪਣੇ ਵਿਚਾਰਫ਼ਨਜ਼ਰੀਏ ਤੋਂ ਵੇਖਦੇਫ਼ਸਮਝਦੇ ਹਨ। ਮੁੱਖ ਤੌਰ’ਤੇ ਸਮਾਜ ਵਿੱਚ ਲੁੱਟੇ ਜਾਣ ਵਾਲਿਆਂ(ਲੋਕ ਧੜੇ) ਦੀ ਵਿਰੋਧਤਾਈ ਲੁਟੇਰੇ (ਜੋਕ ਧੜੇ) ਨਾਲ ਵਿਰੋਧਤਾਈ ਸਮਾਜ ਦੇ ਹਰ ਖੇਤਰ ਵਿੱਚ ਮੌਜੂਦ ਰਹਿੰਦੀ ਹੈ।ਦੋਨਾਂ ਲੋਕਾਂ ਅਤੇ ਜੋਕਾਂ ਦੇ ਆਪਸ ਵਿੱਚ ਬਿਲਕੁਲ ਟਕਰਾਵੇਂ ਹਿੱਤ ਹੁੰਦੇ ਹਨ।
ਜੋਕ ਧੜੇ ਨੂੰ ਰਿਆਸਤਫ਼ਸਟੇਟ(ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨਪਾਲਿਕਾ) ਦੇ ਹਰ ਅੰਗ ਦੀ ਛਤਰਛਾਇਆ ਹੁੰਦੀ ਹੈ।ਜੋਕ ਧੜਾ ਲੋਕਾਂ ਦੀ ਲੁੱਟ ਕਰਨ ਲਈ ਜਾਬਰ ਹਕੂਮਤੀ ਮਸ਼ੀਨਰੀ ਦੇ ਇਨ੍ਹਾਂ ਅੰਗਾਂ ਦੀ ਲੋਕਾਂ ਖਿਲ਼ਾਫ ਵਰਤੋਂ ਕਰਦਾ ਹੈ।ਇਸ ਜੋਕ ਧੜੇ ਖਿਲਾਖ਼ ਵਿਸ਼ਾਲ ਜਨ ਸਮੂਹ ਨੂੰ ਲਾਮਬੰਦ ਕਰਨਾ ਸੌਖਾ ਕਾਰਜ ਨਹੀਂ ਹੁੰਦਾ ਪਰ ਅਸੰਭਵ ਕਦਾਚਿਤ ਵੀ ਨਹੀਂ ਹੁੰਦਾ।
ਸਮਾਜਿਕ ਵਿਰੋਧਤਾਈਆਂ ਨਾਲ ਨਜਿੱਠਣ ਪ੍ਰਤੀ ਨਜ਼ਰੀਆ ਵਿਗਿਆਨਕ ਹੋਣਾ ਪਹਿਲੀ ਮੁੱਢਲੀ ਸ਼ਰਤ ਹੁੰਦੀ ਹੈ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ-ਜਦ ਵੀ ਲੋਕਾਂ ਅਤੇ ਜੋਕਾਂ ਵਿਚਲੀ ਵਿਰੋਧਤਾਈ ਨੂੰ ਵਿਗਿਆਨਕ ਦ੍ਰਿਸ਼ਟੀਕੋਣ(ਇਤਿਹਾਸਕ ਵਿਰੋਧ ਵਿਕਾਸੀ ਪਦਾਰਥਵਾਦੀ) ਅਨੁਸਾਰ ਨਜਿੱਠਿਆ ਗਿਆ ਹੈ ਤਾਂ ਉਸ ਨੇ ਸਹੀ ਸਿੱਟੇ ਕੱਢੇ ਹਨ।
ਛੋਟੀ ਤਾਕਤ ਨੇ ਵੱਡੇ ਦੁਸ਼ਮਣ ਨਾਲ ਜਾਨ ਹੂਲ਼ਵੀਆਂ ਟੱਕਰਾਂ ਵੀ ਲਈਆਂ ਹਨ, ਦੁਸ਼ਮਣ ਨੂੰ ਹਰਾਇਆ ਵੀ ਹੈ। ਵੱਡੀਆਂ ਇਤਿਹਾਸਕ ਜਿੱਤਾਂ ਵੀ ਹਾਸਲ ਕੀਤੀਆਂ ਹਨ।
ਜਦ ਅਸੀਂ ਇਸ ਵਿਗਿਆਨਕ ਨਜਰੀਏ ਮਹਿਲਕਲਾਂ ਲੋਕ?ਘੋਲ ਦੇ 27 ਵਰ੍ਹਿਆਂ ਉੱਪਰ ਨਿਗਾਹ ਮਾਰਦੇ ਹਾਂ ਤਾਂ ਲਾਜਮੀ ਹੀ ਸਾਡਾ ਇਹ ਵਿਗਿਆਨਕ ਨਜਰੀਆ, ਦਰੁਸਤ?ਨੀਤੀ?ਅਤੇ ਢੁੱਕਵੇਂ ਦਾਅਪੇਚ ਇਸ?ਘੋਲ ਵਿੱਚੋਂ???ਸਪਸ਼ਟ ਵਿਖਾਈ ਦਿੰਦੇ ਹਨ।
ਔਰਤਾਂ ਉੱਪਰ ਹੁੰਦੇ ਜੁਲਮ ਨੂੰ ਸਿਰਫ ਮੌਜੂਦਾ ਪ੍ਰਸੰਗ ਵਿੱਚ ਵੇਖਿਆਂ ਸਹੀ ਸਿੱਟੇ ‘ਤੇ ਨਹੀਂ ਪਹੁੰਚਿਆ ਜਾ ਸਕਦਾ। ਔਰਤਾਂ ਉੱਪਰ ਹੁੰਦੇ ਜਬਰ ਦੀਆਂ ਘਟਨਾਵਾਂ ਨੂੰ ਇਤਿਹਾਸਕ ਪ੍ਰਸੰਗ ਵਿੱਚ ਵੇਖਿਆ ਜਾਣਾ ਵਧੇਰੇ ਠਕਿ ਰਹੇਗਾ।
ਇਹ ਲੋਕ ਘੋਲ ਸਾਡੇ ਸਮਿਆਂ ਦੇ ਇਤਿਹਾਸ ਦਾ ਸੂਰਜ ਵਾਂਗ ਰੁਸ਼ਨਾਉਂਦਾ ਸੂਹਾ ਪੰਨਾ ਹੈ। ਆਉਣ ਵਾਲੀਆਂ ਪੀੜੀਆਂ ਇਸ ਲੋਕ ਘੋਲ ਦੇ ਕੀਮਤੀ ਸਬਕ ਗ੍ਰਹਿਣ ਕਰਦੀਆਂ ਹੋਈਆਂ ਜਬਰ ਦੇ ਖਿਲਾਖ਼ ਸਾਂਝੇ ਘੋਲਾਂ ਦੀ ਦਰੁਸਤ ਸਮਝ ਰਾਹੀਂ ਟਾਕਰਾ ਕਰਨ ਦੇ ਵਿਗਿਆਨਕ ਨੂੰ ਸਮਝਣਗੀਆਂ।
ਲੁੱਟ ਜਬਰ ਤੇ ਦਾਬੇ ਤੇ ਅਧਾਰਤ ਇਸ ਪ੍ਰਬੰਧ ਦਾ ਫਸਤਾ ਵੱਢਕੇ ਨਵਾ ਲੋਕ ਪੱਖੀ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜੱਦੋਜੋਿਹਦ ਦਾ ਸਰਗਰਮ ਹਿੱਸਾ ਬਨਣਗੀਆਂ।