ਅੱਜ-ਨਾਮਾ
ਕਦੀ ਤਾਂ ਸੁਣੀਂਦਾ ਆੜ੍ਹਤੀ ਰੁੱਸ ਗਏ ਆ,
ਹੋ ਗਈ ਲੇਬਰ ਫਿਰ ਕਦੀ ਨਾਰਾਜ਼ ਬੇਲੀ।
ਰੱਫੜ ਕਦੀ ਕਿਰਸਾਨੀ ਦਾ ਵਧਣ ਲੱਗਦਾ,
ਨਾਅਰੇ ਖੜਕਣ ਦੀ ਆਏ ਆਵਾਜ਼ ਬੇਲੀ।
ਸ਼ੈੱਲਰ ਮਾਲਕ ਵੀ ਕਦੇ ਆ ਰੁੱਸ ਬਹਿੰਦੇ,
ਵਰਤਦੇ ਸਖਤ ਹਨ ਬੜੇ ਅਲਫਾਜ਼ ਬੇਲੀ।
ਟਰੱਕ-ਮਾਲਕ ਹਨ ਕਦੀ ਸਰਗਰਮ ਹੁੰਦੇ,
ਆਇਆ ਆਈ ਤੋਂ ਕੋਈ ਨਾ ਬਾਜ਼ ਬੇਲੀ।
ਮੰਡੀਆਂ ਅੰਦਰ ਕਈ ਫਸਲ ਦੇ ਢੇਰ ਲੱਗੇ,
ਇਸ ਨੁਕਸਾਨ ਦਾ ਹੁੰਦਾ ਨਾ ਜ਼ਿਕਰ ਬੇਲੀ।
ਵਾਲੀ-ਵਾਰਸ ਨਾ ਕੋਈ ਪੰਜਾਬ ਸਿੰਘ ਦਾ,
ਉਹਦੀ ਹਾਲਤ ਦਾ ਕੋਈ ਨਾ ਫਿਕਰ ਬੇਲੀ।
ਤੀਸ ਮਾਰ ਖਾਂ
10 ਅਕਤੂਬਰ, 2024