ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 7, 2024:
ਅਮਰੀਕਾ ਦੇ ਕੈਂਟੁਕੀ ਰਾਜ ਦੇ ਇਕ ਘਰ ਵਿਚ ਜਨਮ ਦਿਨ ਪਾਰਟੀ ਦੇ ਜਸ਼ਨ ਮਨਾ ਰਹੇ ਲੋਕਾਂ ਉਪਰ ਕੀਤੀ ਅੰਧਾਧੁੰਦ ਗੋਲੀਬਾਰੀ ਵਿਚ 4 ਵਿਅਕਤੀਆਂ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਫਲੋਰੈਂਸ ਪੁਲਿਸ ਵਿਭਾਗ ਦੇ ਮੁੱਖੀ ਜੈਫ ਮੈਲਰੀ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਸਿਨਸਿਨਾਟੀ, ਓਹੀਓ ਦੇ ਦੱਖਣ ਪੱਛਮ ਵਿਚ ਫਲੋਰੈਂਸ ਵਿਚ ਰਿਜ਼ਕਰੈਸਟ ਡਰਾਈਵ ‘ਤੇ ਇਕ ਘਰ ਵਿਚ ਤੜਕਸਾਰ 3 ਵਜੇ ਦੇ ਕਰੀਬ ਵਾਪਰੀ।
ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਨਾਂ ਨੂੰ ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ 7 ਵਿਅਕਤੀ ਮਿਲੇ। ਮ੍ਰਿਤਕਾਂ ਦੀ ਪਛਾਣ ਸ਼ੇਨ ਮਿਲਰ (20), ਹੇਡਨ ਰੀਬਿਕੀ (20), ਡੇਲਾਨੀ ਏੇਰੀ (19) ਤੇ ਮੇਲੀਸਾ ਪੈਰਟ (44) ਵਜੋਂ ਹੋਈ ਹੈ।
ਮੈਲਰੀ ਨੇ ਕਿਹਾ ਹੈ ਕਿ ਘਰ ਦੇ ਮਾਲਕ ਮੇਲੀਸਾ ਪੈਰਟ ਨੇ ਆਪਣੇ ਪੁੱਤਰ ਦੇ 21 ਵੇਂ ਜਨਮ ਦਿਨ ‘ਤੇ ਪਾਰਟੀ ਰਖੀ ਸੀ ਜਿਸ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਹੈ।
ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਛਾਣ ਚੇਸ ਗਾਰਵੇ (21) ਵਜੋਂ ਕੀਤੀ ਹੈ ਜਿਸ ਨੂੰ ਪਾਰਟੀ ਲਈ ਸੱਦਿਆ ਨਹੀਂ ਗਿਆ ਸੀ ਪਰ ਉਹ ਪਾਰਟੀ ਵਿਚ ਸ਼ਾਮਿਲ ਲੋਕਾਂ ਨੂੰ ਜਾਣਦਾ ਸੀ। ਪੁਲਿਸ ਅਨੁਸਾਰ ਗਾਰਵੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰੰਤੂ ਛੇਤੀ ਹੀ ਉਸ ਨੂੰ ਇਕ ਹਾਦਸਾਗ੍ਰਸਤ ਹੋਏ ਵਾਹਣ ਵਿਚੋਂ ਜ਼ਖਮੀ ਹਾਲਤ ਵਿਚ ਲੱਭ ਲਿਆ ਗਿਆ ।
ਪੁਲਿਸ ਅਨੁਸਾਰ ਸਪੱਸ਼ਟ ਤੌਰ ‘ਤੇ ਗਾਰਵੇ ਖੁਦ ਵੱਲੋਂ ਚਲਾਈ ਗੋਲੀ ਨਾਲ ਜ਼ਖਮੀ ਹੋਇਆ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ।
ਪੁਲਿਸ ਮੁੱਖੀ ਅਨੁਸਾਰ ਸ਼ੂਟਰ ਵੱਲੋਂ ਗੋਲੀ ਚਲਾਉਣ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਇਕੱਲਾ ਗਾਰਵੇੇ ਹੀ ਇਸ ਗੋਲਬਾਰੀ ਦੀ ਘਟਨਾ ਵਿਚ ਸ਼ਾਮਿਲ ਹੈ।
ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ । ਪੁਲਿਸ ਅਨੁਸਾਰ 3 ਜ਼ਖਮੀਆਂ ਨੂੰ ਸਿਨਸਿਨਾਟੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨਾਂ ਦੀ ਹਾਲਤ ਗੰਭੀਰ ਪਰ ਸਥਿੱਰ ਹੈ।