ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 17, 2024:
ਅਮਰੀਕਾ ਦੇ ਉਟਾਹ ਰਾਜ ਵਿਚ ਕੈਨਾਇਨਲੈਂਡਜ ਨੈਸ਼ਨਲ ਪਾਰਕ ਵਿਚ ਅੱਤ ਦੀ ਗਰਮੀ ਵਿਚ ਪੈਦਲ ਯਾਤਰਾ ‘ਤੇ ਨਿਕਲੇ ਵਿਸਕਾਨਸਿਨ ਵਾਸੀ ਪਿਓ ਤੇ ਧੀ ਦੀ ਮੌਤ ਹੋ ਜਾਣ ਦੀ ਖਬਰ ਹੈ।
ਮਿਲੀ ਜਾਣਕਾਰੀ ਅਨੁਸਾਰ 100 ਡਿਗਰੀ ਫਾਰਨਹੀਟ (37.7 ਡਿਗਰੀ ਸੈਲਸੀਅਸ) ਤਾਪਮਾਨ ਵਿਚ ਦੋਨੋਂ ਪਿਓ -ਧੀ ਦੂਰ ਨਿਕਲ ਗਏ ਜਦ ਕਿ ਉਨਾਂ ਕੋਲ ਪਾਣੀ ਵੀ ਨਹੀਂ ਸੀ। ਨੈਸ਼ਨਲ ਪਾਰਕ ਸਰਵਿਸ ਅਨੁਸਾਰ ਅਲਬੀਨੋ ਹੇਰੇਰਾ ਐਸਪਿਨੋਜ਼ (52) ਤੇ ਬੀਟਰਿਜ਼ ਹੇਰੇਰਾ (23) ਦੀ ਲੱਭਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਪਤਾ ਲੱਗਣ ‘ਤੇ ਨੈਸ਼ਨਲ ਪਾਰਕ ਸਰਵਿਸ ਦੇ ਰੇਂਜਰਾਂ ਤੇ ਬਿਊਰੋ ਆਫ ਲੈਂਡ ਮੈਨਜਮੈਂਟ ਮੋਆਬ ਡਿਸਟ੍ਰਿਕਟ ਦੇ ਇਕ ਹੈਲੀਕਾਪਟਰ ਨੇ ਤੁਰੰਤ ਪਿਓ ਤੇ ਧੀ ਨੂੰ ਲੱਭਣ ਲਈ ਤਲਾਸ਼ੀ ਮੁੁਹਿੰਮ ਸ਼ੁਰੂ ਕੀਤੀ।
ਸਾਲਟ ਲੇਕ ਸਿਟੀ ਤੋਂ ਤਕਰੀਬਨ 250 ਮੀਲ ਰਕਬੇ ਵਿਚ ਫੈਲੇ ਪਾਰਕ ਵਿਚ ਲਾਪਤਾ ਹੋਏ ਪਿਓ-ਧੀ ਨੂੰ ਲੱਭਣ ਲਈ ਲੰਬਾ ਸਮਾਂ ਲੱਗਾ।
ਰਾਹਤ ਕਾਮਿਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਪਿਓ-ਧੀ ਮਰ ਚੁੱਕੇ ਸਨ। ਸ਼ੈਰਿਫ ਦਫਤਰ ਅਨੁਸਾਰ ਐਸਪਿਨੋਜ਼ ਤੇ ਹੇਰੇਰਾ ਦੀਆਂ ਮ੍ਰਿਤਕ ਦੇਹਾਂ ਪੋਸਟ ਪਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਇਥੇ ਜਿਕਰਯੋਗ ਹੈ ਕਿ ਕੈਨਾਇਨਲੈਂਡਜ ਨੈਸ਼ਨਲ ਪਾਰਕ ਵਿਚ ਖਾਣੀ ਪੀਣ ਲਈ ਕੋਈ ਸਮਾਨ ਲੈਣ ਵਾਸਤੇ 50 ਮੀਲ ਤੋਂ ਵਧ ਸਫਰ ਕਰਨਾ ਪੈਂਦਾ ਹੈ ਇਸ ਲਈ ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਾਣੀ ਸਮੇਤ ਖਾਣ-ਪੀਣ ਦਾ ਸਮਾਨ ਆਪਣੇ ਨਾਲ ਲੈ ਕੇ ਜਾਣ।
ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਦਿਨ ਵੇਲੇ ਅੱਤ ਦੀ ਗਰਮੀ ਦੇ ਸਮੇ ਖਾਸ ਕਰਕੇ ਦੁਪਹਿਰ ਵੇਲੇ ਸਰੀਰਕ ਵਰਜਿਸ਼ ਜਾਂ ਹੋਰ ਕੋਈ ਸਰਗਰਮੀ ਕਰਨ ਤੋਂ ਪਰਹੇਜ਼ ਕਰਨ।