ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਨਵੰਬਰ 15, 2024:
ਅਪਸਟੇਟ ਨਿਊ ਯਾਰਕ ਵਿਚ ਯੁਨੀਵਰਸਿਟੀ ਆਫ ਰੋਚੈਸਟਰ ਕੈਂਪਸ ਵਿਚ ਯੁਨੀਵਰਸਿਟੀ ਦੇ ਯਹੂਦੀ ਸਟਾਫ ਮੈਂਬਰਾਂ ਵਿਰੁੱਧ ”ਵਾਂਟਡ” ਪੋਸਟਰ ਲਾਉਣ ਉਪਰੰਤ ਸਹਿਮ ਦਾ ਮਾਹੌਲ ਪੈਦਾ ਹੋ ਜਾਣ ਦੀ ਖਬਰ ਹੈ।
ਇਨਾਂ ਪੋਸਟਰਾਂ ਵਿਚ ਗਾਜ਼ਾ ਜੰਗ ਦੇ ਮੁੱਦੇ ‘ਤੇ ਯਹੂਦੀ ਸਟਾਫ ਮੈਂਬਰਾਂ ਦੀ ਨਿੰਦਾ ਕੀਤੀ ਗਈ ਹੈ। ਪੋਸਟਰਾਂ ਵਿਚ ਯਹੂਦੀ ਸਟਾਫ ਮੈਂਬਰਾਂ ਨੂੰ ਨਸਲਵਾਦੀ, ਨਫਰਤੀ ਪ੍ਰਚਾਰਕ ਤੇ ਦਹਿਸ਼ਤਵਾਦੀ ਕਰਾਰ ਦਿੱਤਾ ਗਿਆ ਹੈ।
ਯੁਨੀਵਰਸਿਟੀ ਦੇ ਪ੍ਰਧਾਨ ਸਾਰਾਹ ਮੈਂਗਲਸਡੋਰਫ ਨੇ ਜਾਰੀ ਇਕ ਬਿਆਨ ਵਿਚ ਪੋਸਟਰ ਲਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਹੈ ਕਿ ”ਵਾਂਟਡ” ਪੋਸਟਰਾਂ ਵਿਚ ਯੁਨੀਵਰਸਿਟੀ ਦੇ ਸੀਨੀਅਰ ਆਗੂਆਂ, ਸਟਾਫ ਮੈਂਬਰਾਂ ਤੇ ਬੋਰਡ ਟਰੱਸਟੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਉਨਾਂ ਕਿਹਾ ਕਿ ਇਹ ਘਟਨਾ ਬਹੁਤ ਪ੍ਰੇਸ਼ਾਨੀ ਵਾਲੀ , ਫੁੱਟਪਾਊ ਤੇ ਯੁਨੀਵਰਸਿਟੀ ਦੀਆਂ ਕਦਰਾਂ ਕੀਮਤਾਂ ਦੇ ਵਿਰੁੱਧ ਹੈ ਜਿਸ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾ ਸਕਦਾ।