Wednesday, September 18, 2024
spot_img
spot_img
spot_img

ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਸਮਰੱਥ ਬਣਾਉਣ ਲਈ ਲੇਖਕ ਅੱਗੇ ਆਉਣ-ਜਸਵੰਤ ਸਿੰਘ ਜ਼ਫ਼ਰ

ਯੈੱਸ ਪੰਜਾਬ
ਪਟਿਆਲਾ, 11 ਸਤੰਬਰ, 2024

ਅਜੋਕੇ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿੱਚ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਕਾਇਮ ਰੱਖਣ ਲਈ ਹਰ ਵਿਧਾ ਦੇ ਲੇਖਕ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਪੰਜਾਬੀ ਬੋਲੀ ਦੀਆਂ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਮਸ਼ੀਨੀ ਬੁੱਧੀਮਾਨਤਾ ਹਰ ਭਾਸ਼ਾ ਦਾ ਦਾਇਰਾ ਵਿਸ਼ਾਲ ਤੇ ਸਦੀਵੀ ਬਣਾਉਣ ਦਾ ਬਹੁਤ ਵੱਡਾ ਸਾਧਨ ਹੈ।

ਇਸ ਕਰਕੇ ਸਾਰੇ ਲਿਖਾਰੀਆਂ ਨੂੰ ਆਪਣੀ ਰਚਨਾਵਾਂ/ਪੁਸਤਕਾਂ ਵੱਖ-ਵੱਖ ਇੰਟਰਨੈੱਟ ਪਲੇਟਫਾਰਮਾਂ ਰਾਹੀਂ ਦੁਨੀਆ ਭਰ ’ਚ ਬੈਠੇ ਪਾਠਕਾਂ ਤੱਕ ਪਹੁੰਚਾਉਣ ਲਈ ਡਿਜੀਟਲ ਰੂਪ ’ਚ (ਪੀਡੀਐਫ ਨਹੀਂ) ਵੀ ਤਿਆਰ ਕਰਨੀਆਂ ਚਾਹੀਦੀਆਂ ਹਨ। ਇਹ ਰਚਨਾਵਾਂ ਕੰਪਿਊਟਰ ਦੀ ਭਾਸ਼ਾ ਵਿੱਚ ਸਾਫਟ ਕਾਪੀ ਦੇ ਰੂਪ ’ਚ (ਤਸਵੀਰ ਨਹੀਂ) ਵੈਬਸਾਈਟਾਂ, ਬਲੌਗਜ਼, ਵਿਕੀਪੀਡੀਆ ਤੇ ਹੋਰਨਾਂ ਸਾਧਨਾਂ ਰਾਹੀਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣ। ਅਜਿਹਾ ਕਰਨ ਨਾਲ ਲੇਖਕਾਂ ਦੇ ਪਾਠਕਾਂ ਦਾ ਘੇਰਾ ਵੀ ਵਧੇਗਾ ਅਤੇ ਆਪਣੀ ਬੋਲੀ ਦੀ ਸਹੀ ਅਰਥਾਂ ਵਿੱਚ ਸੇਵਾ ਵੀ ਹੋਵੇਗੀ।

ਸ. ਜਸਵੰਤ ਸਿੰਘ ਜ਼ਫਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਆਪਣੀ ਮਾਂ ਬੋਲੀ ਦੀ ਆਧੁਨਿਕ ਸੰਚਾਰ ਸਾਧਨਾਂ ’ਚ ਹੋਂਦ ਕਾਇਮ ਰੱਖਣ ਲਈ ਸਮੇਂ ਦੇ ਹਾਣ ਦੇ ਉਪਰਾਲੇ ਕੀਤੇ ਜਾਣ, ਜਿਨ੍ਹਾਂ ਸਦਕਾ ਹੀ ਸਾਡੀ ਭਾਸ਼ਾ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਣ ਦੇ ਸਮਰੱਥ ਬਣੇਗੀ।

ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪੰਜਾਬ ਸਰਕਾਰ ਦੇ ਟੀਚਿਆਂ ਅਨੁਸਾਰ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਦੇ ਡਿਜੀਟਲਕਰਨ ਲਈ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਜਿਸ ਦੇ ਨਤੀਜੇ ਜਲਦ ਹੀ ਸਾਹਮਣੇ ਆ ਜਾਣਗੇ। ਸ. ਜ਼ਫ਼ਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ’ਚ ਸਥਾਪਤ ਕਰਨ ਲਈ ਭਾਸ਼ਾ ਵਿਭਾਗ ਪੰਜਾਬ ਲੇਖਕਾਂ ਨੂੰ ਅਗਵਾਈ ਜਾਂ ਜਾਣਕਾਰੀ ਦੇਣ ਲਈ ਹਰ ਸਮੇਂ ਤੱਤਪਰ ਹੈ। ਇਸ ਸਬੰਧੀ ਵਿਭਾਗ ਵੱਲੋਂ ਵਿਸ਼ੇਸ਼ ਵਿੰਗ ਤਿਆਰ ਕੀਤਾ ਜਾ ਚੁੱਕਿਆ ਹੈ ਜੋ ਪੰਜਾਬੀ ਅਤੇ ਪੰਜਾਬੀ ’ਚ ਅਨੁਵਾਦ ਵਿਸ਼ਵ ਦੀਆਂ ਹੋਰਨਾਂ ਭਾਸ਼ਾਵਾਂ ਦੇ ਮਿਆਰੀ ਸਾਹਿਤ ਨੂੰ ਡਿਜੀਟਲ ਰੂਪ ’ਚ ਪਾਠਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ