ਯੈੱਸ ਪੰਜਾਬ
ਅਨੰਦਪੁਰ ਸਾਹਿਬ, 17 ਨਵੰਬਰ, 2024
ਸਿੱਖ ਵਿਦਿਅਕ ਬੋਰਡ ਦੀ ਵੈੱਬਸਾਈਟ ਦਾ ਉਦਘਾਟਨ ਮਾਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਅਤੇ ਮਾਹਿਰਾਂ ਵਲੋਂ ਵਿਚਾਰ ਗੋਸ਼ਟੀ ਕੀਤੀ ਗਈ।
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਉਦਘਾਟਨ ਅਤੇ ਵਿਚਾਰ ਗੋਸ਼ਟੀ ਸਮਾਗਮ ਦੀ ਭੂਮਿਕਾ ਵਿਚ ਬੋਲਦਿਆਂ ਦੱਸਿਆ ਕਿ ਸਿੱਖ ਵਿਦਿਅਕ ਬੋਰਡ ਦੀ ਲੋੜ ਵਾਲੇ ਸੰਕਲਪ ਨੂੰ ਕੌਮੀ ਤੌਰ ਤੇ ਸੰਨ ੨੦੦੦ ਦੇ ਅਕਤੂਬਰ ਮਹੀਨੇ ੨੧-੨੨ ਤਰੀਕ ਨੂੰ ਸਿੱਖ ਵਿਦਿਅਕ ਸੰਮੇਲਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਵੱਡੇ ਪੱਧਰ ‘ਤੇ ਰਿੜਕਿਆ ਸੀ, ਜਿਸ ਵਿਚ ਕੌਮ ਦੀਆਂ ਸਮੂਹ ਵੱਡੀਆਂ ਪ੍ਰਬੰਧਕੀ ਤੇ ਵਿਦਿਅਕ ਸੰਸਥਾਵਾਂ ਭਾਈਵਾਲ ਸਨ। ਸਿੱਖ ਵਿਦਿਅਕ ਮਾਹਰ ਸਿਰਕੱਢ ਵਿਦਵਾਨ ਸਭ ਹਾਜ਼ਰ ਸਨ। ਤਕਰੀਬਨ ੭੪੦ ਦੇ ਕਰੀਬ ਸਿੱਖ ਵਿਦਿਅਕ ਸੰਸਥਾਵਾਂ ਸ਼ਾਮਲ ਹੋਈਆਂ ਸਨ।
ਉਸ ਉਪਰੰਤ ਵੱਖ ਵੱਖ ਸੰਸਥਾਵਾਂ ਤੇ ਵਿਦਵਾਨਾਂ ਨੇ ਇਸ ਵਿਸ਼ੇ ‘ਤੇ ਚਰਚਾ ਕੀਤੀ ਤੇ ਅੱਗੇ ਵਧਣ ਲਈ ਕਦਮ ਪੁੱਟੇ। ਅਕਾਲ ਪੁਰਖ ਕੀ ਫ਼ੌਜ ਸੰਸਥਾ ਨੇ ਆਪਣੇ ੧੫ਵੇਂ ਸਥਾਪਨਾ ਦਿਹਾੜੇ ਸ੍ਰੀ ਅਨੰਦਪੁਰ ਸਾਹਿਬ ੧੦ ਸਾਲ ਪਹਿਲਾਂ ਸਿੱਖ ਵਿਦਿਅਕ ਬੋਰਡ ਦਾ ਸੰਕਲਪ ਦੁਹਰਾਇਆ ਸੀ।
ਪੰਥਕ ਤਾਲਮੇਲ ਸੰਗਠਨ ਜੋ ੧੦੦ ਤੋਂ ਵੱਧ ਸਿੱਖ ਸੰਸਥਾਵਾਂ ਦਾ ਸਮੂਹ ਹੈ ਜੋ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੀਆਂ ਪਹਿਰੇਦਾਰ ਹਨ ਨੇ ਸਿੱਖ ਵਿਦਿਅਕ ਬੋਰਡ ਵਾਸਤੇ ਵੱਡੇ ਪੱਧਰ ‘ਤੇ ਗੋਸ਼ਟੀਆਂ ਕਰਵਾਈਆਂ। ਪੰਥਕ ਸਰੋਕਾਰਾਂ ਦੀ ਨਿਸ਼ਾਨਦੇਹੀ ਕੀਤੀ ਤੇ ਉਸ ਵਿਚ ਸਿੱਖ ਵਿਦਿਅਕ ਬੋਰਡ ਨੂੰ ਪ੍ਰਮੁੱਖਤਾ ਦਿੱਤੀ। ਸ੍ਰ ਅੰਮਿ੍ਤਸਰ ਦੇ ਗੁਰੂ ਨਾਨਕ ਭਵਨ ਸਿਟੀ ਸੈਂਟਰ ਵਿਖੇ ਵੱਡੇ ਵਿਦਵਾਨਾਂ ਤੇ ਸਿੱਖ ਸੰਸਥਾਵਾਂ ਦੇ ਇਕੱਠ ਵਿਚ ਸਿੱਖ ਵਿਦਿਅਕ ਬੋਰਡ ਦਾ ਸੰਕਲਪ ਅੱਗੇ ਵਧਾਇਆ ਸੀ।
ਸਾਲ ੨੦੨੩ ਸਿੰਘ ਸਭਾ ਲਹਿਰ ਦਾ ੧੫੦ ਸਾਲਾ ਦਿਹਾੜੇ ਵਾਲਾ ਵਰ੍ਹੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਤੇ ਪੰਥਕ ਤਾਲਮੇਲ ਸੰਗਠਨ ਨੇ ਸੰਸਥਾ ਪੱਧਰ ਤੇ ਇਹ ਦਿਹਾੜਾ ਮਨਾਉਣ ਦਾ ਯਤਨ ਕੀਤਾ। ਸੰਸਾਰ ਪੱਧਰੀ ਸਮਾਗਮ ਸਿੰਘ ਸਭਾ ਲਹਿਰ ਦੇ ੧੫੦ ਸਾਲਾ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਫ਼ਤਹਿਗੜ੍ਹ ਸਾਹਿਬ ਜੀ ਦੀ ਧਰਤੀ ਬਾਬਾ ਬੰਦਾ ਸਿੰਘ ਜੀ ਬਹਾਦੁਰ ਇੰਜੀਨੀਅਰ ਕਾਲਜ ਵਿਖੇ ਗਿਆਨੀ ਦਿੱਤ ਸਿੰਘ ਭਵਨ (ਆਡੀਟੋਰੀਅਮ) ਵਿਚ ਹੋਇਆ।
ਜਿਥੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਿੱਸਾ ਲਿਆ ਸੀ। ਇਸੇ ਸਮਾਗਮ ਵਿਚ ਸਿੱਖ ਵਿਦਿਅਕ ਬੋਰਡ ਆਰੰਭ ਕਰਨ ਦਾ ਨਿਰਣਾ ਲਿਆ ਗਿਆ ਤੇ ਮੁੱਢਲੇ ਅਹੁਦੇਦਾਰ ਦੇ ਤੌਰ ਤੇ ਕਰਨਲ ਜਗਤਾਰ ਸਿੰਘ ਜੀ (ਮੁਲਤਾਨੀ) ਨੂੰ ਚੇਅਰਮੈਨ ਨਾਮਜ਼ਦ ਕੀਤਾ ਗਿਆ। ਸਫਲਤਾ ਲਈ ਸਿੱਖ ਵਿਦਿਅਕ ਕਮਿਸ਼ਨ ਬਣਾਇਆ ਗਿਆ ਜਿਸ ਦੇ ਮੁਖੀ ਡਾਕਟਰ ਪੁਸ਼ਮਿੰਦਰ ਸਿੰਘ ਜੀ ਲੁਧਿਆਣਾ ਲਾਏ ਗਏ।
ਇਸ ਸਿੱਖ ਵਿਦਿਅਕ ਬੋਰਡ ਦੇ ਪ੍ਬੰਧਕੀ ਰੂਪ ਨੇ ਕੌਮੀ ਪੱਧਰ ਦੇ ਵਿਦਵਾਨਾਂ ਦੀ ਰਾਏ ਨਾਲ ਕੰਮ ਅਰੰਭਿਆ ਹੋਇਆ ਹੈ। ਸਿੱਖ ਵਿਦਿਅਕ ਬੋਰਡ ਦਾ ਕੇਂਦਰੀ ਦਫ਼ਤਰ ਚੰਡੀਗੜ੍ਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਖੋਲ੍ਹ ਦਿੱਤਾ ਹੈ। ਸਰਦਾਰ ਬਲਵਿੰਦਰ ਸਿੰਘ ਜੀ ਜੌੜਾ ਸਿੰਘਾ ਸਕੱਤਰ ਥਾਪੇ ਗਏ ਹਨ।
ਪ੍ਰੋਫ਼ੈਸਰ ਮਨਜੀਤ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖ ਵਿਦਿਅਕ ਬੋਰਡ ਦਾ ਸੰਕਲਪ ਅਤੇ ਉਸ ਦੇ ਅਮਲ ਦਾ ਕਰਮ ਇਸ ਸਦੀ ਦਾ ਕ੍ਰਾਂਤੀ ਕਾਰੀ ਕਦਮ ਹੈ।
ਸ: ਜਸਵਿੰਦਰ ਸਿੰਘ ਐਡਵੋਕੇਟ ਕੋਆਰਡੀਨੇਟਰ ਸੰਚਾਲਨ ਕਮੇਟੀ ਸਿੱਖ ਵਿੱਦਿਅਕ ਬੋਰਡ ਤੇ ਸਿੱਖ ਵਿੱਦਿਅਕ ਫਾਊਂਡੇਸ਼ਨ ਨੇ ਬੋਰਡ ਦੇ ਕਾਰਜ ਖੇਤਰ ‘ ਤੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਸਿੱਖ ਵਿੱਦਿਅਕ ਬੋਰਡ ਵੱਲੋਂ ਸਿੱਖ ਵਿਦਿਅਕ ਅਦਾਰਿਆਂ ਦੀ ਗੁਣਵੱਤਾ ਵਿੱਚ ਵਾਧਾ ਕਰਨ ਲਈ ਖ਼ਲਾਅ ਨੂੰ ਭਰਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਬੋਰਡ ਵਲੋਂ ਅਧਿਆਪਕ ਸਿਖਲਾਈ ਪ੍ਰੋਗਰਾਮ ਦੁਆਰਾ ਅਧਿਆਪਕਾਂ ਦੀ ਗੁਣਵੱਤਾ ਵਿੱਚ ਵਾਧਾ ਕਰੇਗਾ। ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਕਾਰੀ ਤੇ ਗੈਰਸਰਕਾਰੀ ਗ੍ਰਾਂਟਾਂ ਪ੍ਰਾਪਤ ਕਰਨ ਵਾਸਤੇ ਮਾਰਗ-ਦਰਸ਼ਨ ਕਰੇਗਾ। ਸਮਰੱਥ ਸਿੱਖ ਸੰਸਥਾਵਾਂ ਦੁਆਰਾ ਕਮਜ਼ੋਰ ਵਿਦਿਅਕ ਅਦਾਰਿਆਂ ਦੀ ਸਰਪ੍ਰਸਤੀ ਵਾਸਤੇ ਤਾਲਮੇਲ ਲਈ ਸਾਂਝੇ ਉੱਦਮ ਕੀਤੇ ਜਾਣਗੇ।
ਸਰੀਰਕ ਸਿਹਤ ਅਤੇ ਹੁਨਰ ਤੇ ਰੋਜ਼ਗਾਰ ਵਿਕਾਸ ਵਾਸਤੇ ਖੇਡਾਂ ਦੇ ਮਹੱਤਵ ਦੇ ਮੱਦੇਨਜ਼ਰ ਵਿਆਪਕ ਪੱਧਰ ‘ਤੇ ਖੇਡ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਕੇਂਦ੍ਰਿਤ ਹੁੰਦਿਆਂ ਲੋੜੀਂਦੇ ਵਾਤਾਵਰਨ ਨੂੰ ਸੰਬੋਧਨ ਹੋਇਆ ਜਾਵੇਗਾ।ਸ਼ਹਿਰੀ ਤੇ ਪੇਂਡੂ ਸਿੱਖਿਆ ਵਿਚਕਾਰਲੇ ਫ਼ਰਕ ਨੂੰ ਮਿਟਾਉਣ ਵਾਸਤੇ ਵਿਦਿਅਕ ਅਦਾਰਿਆਂ ਦੇ ਪ੍ਰਸਪਰ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਸਿੱਖ ਵਿੱਦਿਅਕ ਬੋਰਡ ਵੱਲੋਂ ਸਿੱਖ ਵਿੱਦਿਅਕ ਕਮਿਸ਼ਨ ਰਾਹੀਂ ਪਾਠ-ਕ੍ਰਮ ਅਤੇ ਮੁਲਾਂਕਣ ਢਾਂਚੇ ਦਾ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਸਿੱਖ ਕਦਰਾਂ- ਕੀਮਤਾਂ ਅਤੇ ਆਧੁਨਿਕ ਵਿਦਿਅਕ ਮਿਆਰਾਂ ਦੀ ਪ੍ਰਸਪਰ ਇਕਸਾਰਤਾ ਨੂੰ ਯਕੀਨੀ ਬਣਾਉਣਾ ਹੈ।
ਇਸ ਤੋਂ ਇਲਾਵਾ ਜ਼ਿੰਮੇਵਾਰ ਨਾਗਰਿਕ ਪੈਦਾ ਕਰਨ ਅਤੇ ਉਨ੍ਹਾਂ ਦੇ ਚਰਿੱਤਰ ਵਿਕਾਸ ਲਈ ਨੈਤਿਕ ਮੁੱਲ ਓਲੰਪੀਆਡ ਸ਼ੁਰੂ ਕਰਨ ਦੀ ਅਹਿਮ ਯੋਜਨਾ ਵੀ ਬਣਾਈ ਹੈ।
ਸਾਡਾ ਅੰਤਿਮ ਟੀਚਾ ਅਕਾਦਮਿਕ ਉੱਤਮਤਾ ਪ੍ਰਾਪਤ ਕਰਨਾ ਅਤੇ ਸਿੱਖਾਂ ਦੀ ਅਗਲੀ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਹਮਦਰਦ, ਗਿਆਨਵਾਨ ਅਤੇ ਮਾਣਮੱਤੇ ਐਂਬਸਡਰ ਬਣਾਉਣਾ ਹੈ।
ਸਰਦਾਰ ਦਵਿੰਦਰ ਸਿੰਘ ਬਿੰਦਰਾ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਦੇਹਰਾਦੂਨ ਨੇ ਲੋੜਵੰਦ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਦੇ ਅਮਲੀ ਕਾਰਜਾਂ ‘ ਤੇ ਚਾਨਣਾ ਪਾਇਆ ਅਤੇ ਗੁਰਸਿੱਖ ਐਜੂਕੇਸ਼ਨ ਮਿਸ਼ਨ ੨੦੪੦ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।
ਸ: ਕਮਾਲਜੀਤ ਸਿੰਘ ਦਿੱਲੀ ਨੇ ਪੜ੍ਹਾਈ, ਦਵਾਈ ਤੇ ਕਮਾਈ ‘ ਤੇ ਜ਼ੋਰ ਦੇਂਦਿਆਂ ਅਸਲ ਵਿੱਦਿਆ ਦੀ ਵਿਆਖਿਆ ਕਰਦਿਆਂ ਵੱਕਾਰੀ ਅਹੁਦਿਆਂ ਵਾਸਤੇ ਵਿਆਪਕ ਪੱਧਰ ‘ਤੇ ਨਿਭ ਰਹੀ ਸੇਵਾ ਦੀ ਸਾਂਝ ਪਾਈ।
ਇਸ ਮੌਕੇ ਸਿੱਖ ਵਿਦਿਅਕ ਬੋਰਡ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਮੁਲਤਾਨੀ, ਬੋਰਡ ਸਕੱਤਰ ਸ: ਬਲਵਿੰਦਰ ਸਿੰਘ ਜੌੜਾਸਿੰਘਾ, ਡਾਕਟਰ ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪ੍ਰਿੰਸੀਪਲ ਅਮਿਤੋਜ ਸਿੰਘ ਮਾਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ, ਬੀਬੀ ਪਰਮਜੀਤ ਕੌਰ ਮਾਹਲ ਖ਼ਾਲਸਾ ਗੁਰਮਤਿ ਸਕੂਲ ਵਾਸ਼ਿੰਗਟਨ ਤੇ ਸਿੱਖ ਕੰਨਿਆ ਮਹਾਂ ਵਿਦਿਆਲਾ ਫਿਰੋਜ਼ਪੁਰ ਨੇ ਸੰਬੋਧਨ ਕੀਤਾ।
ਚਰਨਜੀਤ ਸਿੰਘ ਰੌੜਕਿਲਾ ਉਡੀਸਾ ਸਿੱਖ ਪ੍ਰਤੀਨਿਧੀ ਬੋਰਡ, ਮੋਹਿਤ ਸਿੰਘ ਡੇਰਾਬੱਸੀ, ਸ਼ੇਰ ਜਗਜੀਤ ਸਿੰਘ ਕੰਵਲਪਾਲ ਸਿੰਘ ਤੇ ਐਨ ਪੀ ਸਿੰਘ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਮਹਿੰਦਰ ਸਿੰਘ ਨਾਲਾਗੜ੍ਹ , ਜਸਵਿੰਦਰ ਪਾਲ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਨਾਲਾਗੜ੍ਹ, ਗੁਰਕ੍ਰਿਪਾਲ ਸਿੰਘ ਲੁਧਿਆਣਾ, ਸੁਲੋਚਨਬੀਰ ਸਿੰਘ ਗਿਆਨ ਪ੍ਰਗਾਸੁ ਟਰੱਸਟ, ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ,ਸਰਦਾਰ ਗੁਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਮਾਸਟਰ ਸੁਬੇਗ ਸਿੰਘ ਕਾਲਰਾ, ਪ੍ਰਭਜੋਤ ਸਿੰਘ ਕਾਲਰਾ, ਰਾਜਨਦੀਪ ਸਿੰਘ ਕਾਲਰਾ, ਪ੍ਰਿੰਸੀਪਲ ਹਰਦੀਪ ਕੌਰ ਭਾਈ ਗੁਰਦਾਸ ਅਕੈਡਮੀ, ਇੰਜ: ਬਲਜਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ ਮਿਆਣੀ, ਜਸਪ੍ਰੀਤ ਸਿੰਘ ਤੇ ਹਰਤੇਗਬੀਰ ਸਿੰਘ ਅਨੰਦਪੁਰ, ਸ੍ਰ: ਗੁਰਪ੍ਰੀਤ ਸਿੰਘ ਚੰਡੀਗੜ੍ਹ ਹਾਜ਼ਰ ਸਨ।
ਸਰਦਾਰ ਹਰਪ੍ਰੀਤ ਸਿੰਘ ਜੀ ਅੰਮ੍ਰਿਤਸਰ ਅਕਾਲ ਪੁਰਖ ਕੀ ਫ਼ੌਜ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।