ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 11 ਜਨਵਰੀ, 2025
Virginia ਵਿਧਾਨ ਸਭਾ ਦੀਆਂ 2 ਸੀਟਾਂ ਉਪਰ ਹੋਈਆਂ ਵਿਸ਼ੇਸ਼ ਚੋਣਾਂ ਵਿੱਚ ਭਾਰਤੀ ਮੂਲ ਦੇ 2 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨਾਂ ਵਿਚ ਕਾਨਨ ਸ੍ਰੀਨਿਵਾਸਨ ਤੇ ਜੇ ਜੇ ਸਿੰਘ ਸ਼ਾਮਿਲ ਹਨ।
ਦੋਨਾਂ ਉਮੀਦਵਾਰਾਂ ਨੂੰ ਹੀ 61% ਤੋਂ ਵਧ ਵੋਟਾਂ ਮਿਲੀਆਂ ਹਨ। ਸ੍ਰੀਨਿਵਾਸਨ ਨੇ ਸੈਨਟ ਡਿਸਟ੍ਰਿਕਟ 32 ਸੀਟ ਤੇ ਜੇ ਜੇ ਸਿੰਘ ਨੇ ਹਾਊਸ ਡਿਸਟ੍ਰਿਕਟ 26 ਤੋਂ ਜਿੱਤ ਹਾਸਲ ਕੀਤੀ ਹੈ। ਇਨਾਂ ਦੋਨਾਂ ਉਮੀਦਵਾਰਾਂ ਦੀ ਜਿੱਤ ਨੇ ਡੈਮੋਕਰੈਟਸ ਦੀ ਵਰਜੀਨੀਆ ਜਨਰਲ ਅਸੰਬਲੀ ਦੇ ਦੋਨਾਂ ਸਦਨਾਂ ਵਿਚ ਬਹੁਮਤ ਨੂੰ ਯਕੀਨੀ ਬਣਾ ਦਿੱਤਾ ਹੈ।
ਕਾਨਨ ਸ੍ਰੀਨਿਵਾਸਨ ਨੇ ਜਿੱਤ ਉਪਰੰਤ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੈ ਆਪਣੇ ਹਰੇਕ ਕਾਰਕੁੰਨ ਤੇ ਸਮੁੱਚੀ ਟੀਮ ਦਾ ਧੰਨਵਾਦੀ ਹਾਂ ਜਿਨਾਂ ਦੀ ਸਖਤ ਮਿਹਨਤ ਸਦਕਾ ਮੈਨੂੰ ਲੋਕਾਂ ਦੀ ਸੇਵਾ ਜਾਰੀ ਰਖਣ ਦਾ ਅਵਸਰ ਪ੍ਰਾਪਤ ਹੋਇਆ ਹੈ। ਜੇ ਜੇ ਸਿੰਘ ਨੇ ਵੀ ਜਿੱਤ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ”ਹਾਊਸ ਡਿਸਟ੍ਰਿਕਟ 26 ਵੱਲੋਂ ਮੇਰੇ ਉਪਰ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ।”
ਡੈਮੋਕਰੈਟਿਕ ਪਾਰਟੀ ਵਰਜੀਨੀਆ ਦੀ ਪ੍ਰਧਾਨ ਸੁਸਾਨ ਸਵੈਕਰ ਨੇ ਚੋਣ ਨਤੀਜਿਆਂ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਲੌਡੋਨ ਕਾਊਂਟੀ ਦੇ ਵੋਟਰਾਂ ਨੇ ਇਕ ਵਾਰ ਫਿਰ ਰਿਪਬਲੀਕਨਾਂ ਦੇ ਅੱਤਵਾਦ ਨੂੰ ਰੱਦ ਕਰ ਦਿੱਤਾ ਹੈ। ਉਨਾਂ ਕਿਹਾ ਹੈ ਕਿ ਇਨਾਂ ਜਿੱਤਾਂ ਨਾਲ ਪਾਰਟੀ ਵਰਜੀਨੀਆ ਵਾਸੀਆਂ ਦੇ ਫਾਇਦੇ ਲਈ ਬਿੱਲ ਪਾਸ ਕਰਨ ਤੇ ਨੁਕਸਾਨਦੇਹ ਨੀਤੀਆਂ ਨੂੰ ਰੱਦ ਕਰਨ ਦੇ ਸਮਰੱਥ ਹੋ ਗਈ ਹੈ।