ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 3, 2024:
ਅਮਰੀਕਾ ਵਿਚ ਕੈਂਟੁਕੀ ਰਾਜ ਦੇ ਜੱਜ ਦੀ ਉਸ ਦੇ ਚੈਂਬਰ ਵਿਚ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਮੁੱਢਲੀ ਸੁਣਵਾਈ ਦੌਰਾਨ ਅਦਾਲਤ ਵਿਚ ਘਟਨਾ ਦੀ ਵੀਡੀਓ ਵੇਖੀ ਗਈ ਜਿਸ ਨੂੰ ਵੇਖਣ ਤੋਂ ਬਾਅਦ ਜੱਜ ਰੁਪਰਟ ਵਿਲਹੋਇਟ ਨੇ ਕਿਹਾ ਕਿ ਸੰਭਾਵੀ ਤੌਰ ‘ਤੇ ਮਾਮਲਾ ਪਹਿਲਾ ਦਰਜਾ ਹੱਤਿਆ ਦਾ ਬਣਦਾ ਹੈ ਜਿਸ ਦੀ ਸੁਣਵਾਈ ਵਿਸ਼ਾਲ ਜਿਊਰੀ ਕਰੇਗੀ।
ਬਚਾਅ ਪੱਖ ਦੇ ਵਕੀਲਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਸ਼ੈਰਿਫ ਸ਼ਾਨ ‘ਮਿੱਕੀ’ ਸਟੀਨਸ (43) ਨੇ ਡਿਸਟ੍ਰਿਕਟ ਜੱਜ ਕੈਵਿਨ ਮੁਲਿਨਸ (54) ਨੂੰ ਗੋਲੀ ਮਾਰੀ ਹੈ ਪਰੰਤੂ ਨਾਲ ਹੀ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰਖਿਆ ਜਾਵੇ ਕਿ ਗੋਲੀ ਮਾਰਨ ਸਮੇ ਸਟੀਨਸ ਬਹੁਤ ਹੀ ਜਜ਼ਬਾਤੀ ਪਲਾਂ ਵਿਚੋਂ ਗੁਜਰ ਰਿਹਾ ਸੀ।
ਸਟੀਨਸ ਨੇ ਪਿਛਲੇ ਹਫਤੇ ਅਦਾਲਤ ਵਿਚ ਦਰਖਾਸਤ ਦਾਇਰ ਕੀਤੀ ਸੀ ਕਿ ਉਹ ਪਹਿਲਾ ਦਰਜਾ ਹੱਤਿਆ ਦਾ ਦੋਸ਼ੀ ਨਹੀਂ ਹੈ। ਸਟੀਨਸ ਨੇ ਬੀਤੇ ਸੋਮਵਾਰ ਲੈਚਰ ਕਾਊਂਟੀ ਦੇ ਸ਼ੈਰਿਫ ਵਜੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਅਦਾਲਤ ਵਿਚ ਜੇਲ ਦੀ ਵਰਦੀ ਵਿਚ ਪੇਸ਼ ਹੋਇਆ।
ਪੇਸ਼ੀ ਸਮੇ ਉਸ ਦੇ ਹੱਥਕੜੀ ਲੱਗੀ ਹੋਈ ਸੀ। ਇਸਤਗਾਸਾ ਪੱਖ ਨੇ ਅਦਾਲਤ ਵਿਚ ਜੱਜ ਦੀ ਹੱਤਿਆ ਸਬੰਧੀ ਸਬੂਤ ਪੇਸ਼ ਕੀਤੇ ਜਿਨਾਂ ਵਿਚ ਇਕ ਵੀਡੀਓ ਵੀ ਸ਼ਾਮਿਲ ਹੈ।
ਵੀਡੀਓ ਵਿਚ ਸਾਫ ਨਜਰ ਆ ਰਿਹਾ ਹੈ ਕਿ ਸਟੀਨਸ ਜੱਜ ਮੁਲਿਨਸ ਦੇ ਕਈਆਂ ਗੋਲੀਆਂ ਮਾਰਦਾ ਹੈ ਜਦ ਕਿ ਮੁਲਿਨਸ ਵੱਲੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਾਕਾਮ ਰਹਿੰਦੀ ਹੈ।