ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 22, 2024:
ਰਾਬਰਟ ਰਾਬਰਸਨ ਨਾਮੀ ਵਿਅਕਤੀ ਜਿਸ ਨੂੰ ਆਪਣੀ ਦੋ ਸਾਲਾਂ ਦੀ ਧੀ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਉਸ ਨੂੰ ਭਾਰਤੀ ਸਮੇ ਅਨੁਸਾਰ 18 ਅਕਤੂਬਰ ਨੂੰ ਜ਼ਹਿਰ ਦਾ ਟੀਕਾ ਲਾਉਣ ਦੇ ਆਖਰੀ ਪਲਾਂ ਦੌਰਾਨ ਉਸ ਵੇੇਲੇ ਰਾਹਤ ਮਿਲ ਜਾਣ ਦੀ ਖਬਰ ਹੈ ਜਦੋਂ ਟੈਕਸਾਸ ਸੁਪਰੀਮ ਕੋਰਟ ਨੇ ਉਸ ਦੀ ਮੌਤ ਦੀ ਸਜ਼ਾ ਉਪਰ ਆਰਜੀ ਰੋਕ ਲਾ ਦਿੱਤੀ।
18 ਅਕਤੂਬਰ ਦੀ ਰਾਤ ਨੂੰ ਜਦੋਂ ਰਾਬਰਸਨ ਆਪਣੇ ਆਖਰੀ ਪਲਾਂ ਵਿੱਚ ਸੋਚ ਰਿਹਾ ਸੀ ਕਿ ਉਹ ਕੁਝ ਸਮੇ ਬਾਅਦ ਮਰ ਜਾਵੇਗਾ ਤਾਂ ਉਸ ਦੇ ਵਕੀਲਾਂ ਵੱਲੋਂ 11 ਘੰਟਿਆਂ ਦੌਰਾਨ ਕੀਤੀ ਕਾਨੂੰਨੀ ਜਦੋਜਹਿਦ ਰੰਗ ਲਿਆਈ ਤੇ ਸੁਪਰੀਮ ਕੋਰਟ ਨੇ ਅੱਧੀ ਰਾਤ ਨੂੰ ਮੌਤ ਦੇ ਵਾਰੰਟਾਂ ਦੀ ਮਿਆਦ ਖਤਮ ਹੋ ਜਾਣ ਤੋਂ ਕੁਝ ਸਮਾਂ ਪਹਿਲਾਂ ਉਸ ਨੂੰ ਜ਼ਹਿਰ ਦਾ ਟੀਕਾ ਲਾਉਣ ਦੇ ਅਮਲ ਉਪਰ ਆਰਜੀ ਰੋਕ ਲਾ ਦਿੱਤੀ।
ਹੁਣ ਜ਼ਹਿਰ ਦਾ ਟੀਕਾ ਲਾਉਣ ਲਈ ਨਵੀਂ ਤਰੀਕ ਤੈਅ ਕੀਤੀ ਜਾਵੇਗੀ ਜਿਸ ਦੌਰਾਨ ਰਾਬਰਸਨ ਦੇ ਵਕੀਲਾਂ ਤੇ ਉਸ ਦੇ ਸਮਰਥਕਾਂ ਨੂੰ ਕਾਨੂੰਨੀ ਚਾਰਾਜੋਈ ਕਰਨ ਲਈ ਕਾਫੀ ਸਮਾਂ ਮਿਲ ਜਾਵੇਗਾ। ਟੈ
ਕਸਾਸ ਡਿਪਾਰਟਮੈਂਟ ਆਫ ਕ੍ਰਿਮੀਨਲ ਜਸਟਿਸ ਦੇ ਬੁਲਾਰੇ ਅਮਾਂਦਾ ਹਰਨਾਂਡੇਜ਼ ਅਨੁਸਾਰ ਟੈਕਸਾਸ ਅਧਿਕਾਰੀਆਂ ਨੇ ਜਦੋਂ ਰਾਬਰਸਨ ਨੂੰ ਰੋਕ ਲਾਏ ਜਾਣ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਦਾਅਵਾ ਕੀਤਾ ਕਿ ਉਹ ਨਿਰਦੋਸ਼ ਹੈ ਜਿਵੇਂ ਕਿ ਉਹ ਪਿਛਲੇ ਦੋ ਦਹਾਕਿਆਂ ਦੌਰਾਨ ਆਪਣੇ ਨਿਰਦੋਸ਼ ਹੋਣ ਦਾ ਦਾਅਵਾ ਕਰਦਾ ਆ ਰਿਹਾ ਹੈ।