ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 21, 2024:
ਅਮਰੀਕਾ ਦੇ ਕੈਂਟੁਕੀ ਰਾਜ ਵਿਚ ਸ਼ੈਰਿਫ ਵੱਲੋਂ ਕਥਿੱਤ ਤੌਰ ‘ਤੇ ਇਕ ਜੱਜ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ ਜਿਸ ਉਪਰੰਤ ਸ਼ੈਰਿਫ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੈਂਟੁਕੀ ਸਟੇਟ ਪੁਲਿਸ ਦੇ ਬੁਲਾਰੇ ਮੈਟ ਗੇਅਹਰਟ ਅਨੁਸਾਰ ਵਾਇਟਬਰਗ, ਕੈਂਟੁਕੀ ਵਿਚ ਲੈਚਰ ਕਾਊਂਟੀ ਕੋਰਟਹਾਊਸ ਵਿਖੇ 54 ਸਾਲਾ ਜੱਜ ਕੈਵਿਨ ਮੂਲਿਨਸ ਨੂੰ ਦੁਪਹਿਰ ਬਾਅਦ ਉਸ ਦੇ ਚੈਂਬਰ ਵਿਚ ਗੋਲੀਆਂ ਮਾਰੀਆਂ ਗਈਆਂ।
ਤਕਰੀਬਨ 2.55 ਵਜੇ ਸੂਚਨਾ ਮਿਲਣ ‘ਤੇ ਅਨੇਕਾਂ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਅਧਿਕਾਰੀ ਤੇ ਡਾਕਟਰੀ ਅਮਲਾ ਮੌਕੇ ‘ਤੇ ਪੁੱਜਾ।
ਜੱਜ ਜਿਸ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ, ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਤੇ ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਲੈਚਰ ਕਾਊਂਟੀ ਸ਼ੈਰਿਫ ਸ਼ਾਅਨ ਸਟਾਈਨਸ ਨੇ ਕੋਰਟਹਾਊਸ ਵਿਚ ਜੱਜ ਨਾਲ ਕਿਸੇ ਮੁੱਦੇ ‘ਤੇ ਹੋਈ ਬਹਿਸ ਉਪਰੰਤ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਗੇਅਹਰਟ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
43 ਸਾਲਾ ਸ਼ੈਰਿਫ ਨੂੰ ਮੌਕੇ ਉਪਰ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਵਿਰੁੱਧ ਪਹਿਲਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਘਟਨਾ ਦੀ ਸ਼ੁਰੂ ਵਿਚ ਜਾਣਕਾਰੀ ਕੈਂਟੁਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਸੋਸ਼ਲ ਮੀਡੀਆ ਉਪਰ ਦਿੰਦਿਆਂ ਕਿਹਾ ਕਿ ਇਕ ਡਿਸਟ੍ਰਿਕਟ ਜੱਜ ਨੂੰ ਗੋਲੀਆਂ ਮਾਰੀਆਂ ਗਈਆਂ ਹਨ।
ਗਵਰਨਰ ਨੇ ਲਿਖਿਆ ਕਿ ਲੈਚਰ ਕਾਊਂਟੀ ਵਿਚ ਇਕ ਡਿਸਟ੍ਰਿਕਟ ਜੱਜ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਨਾਂ ਹੋਰ ਕਿਹਾ ਕਿ ” ਵਿਸ਼ਵ ਵਿਚ ਹਿੰਸਾ ਬਹੁਤ ਵਧ ਗਈ ਹੈ ਮੈ ਪ੍ਰਾਰਥਨਾ ਕਰਦਾ ਹਾਂ ਕਿ ਚੰਗੇ ਭਵਿੱਖ ਲਈ ਕੋਈ ਰਸਤਾ ਨਿਕਲੇ।”