ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 22 ਦਸੰਬਰ, 2024
America ਵਿਚ ਅੱਜ ਕਲ ਇਕ ਪੱਤਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੱਤਰ ਵਿਚ ਅਮਰੀਕੀਆਂ ਨੂੰ ਪ੍ਰਵਾਸੀਆਂ ਉਪਰ ਨਜਰ ਰੱਖਣ ਲਈ ਕਿਹਾ ਗਿਆ ਹੈ। ਇਸ ਪੱਤਰ ਵਿਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸੰਭਾਵੀ ਪ੍ਰਵਾਸੀ ਦੀ ਕਾਰ ਦਾ ਲਾਇਸੰਸ ਪਲੇਟ ਨੰਬਰ ਨੋਟ ਕਰਨ ਕਿਉਂਕਿ ਹੋ ਸਕਦਾ ਹੈ ਕਿ ਉਹ America ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਹੋਵੇ। ਇਸ ਪੱਤਰ ਦਾ ਪ੍ਰਵਾਸੀਆਂ ਦੇ ਅਧਿਕਾਰਾਂ ਪ੍ਰਤੀ ਸਰਗਰਮ ਸਮੂੰਹਾਂ ਨੇ ਵਿਰੋਧ ਕੀਤਾ ਹੈ ਤੇ ਪ੍ਰਵਾਸੀਆਂ ਨੂੰ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ਇਕ ਮੁਹਿੰਮ ਵੀ ਚਲਾਈ ਹੈ।
Oregon ਦੇ ਇਕ ਸ਼ੈਰਿਫ ਨੇ ਕਿਹਾ ਹੈ ਕਿ ਉਸ ਨੇ ਇਸ ਸਬੰਧੀ ਐਫ ਬੀ ਆਈ ਨਾਲ ਸੰਪਰਕ ਕੀਤਾ ਹੈ ਤੇ ਇਸ ਉਪਰ ਚਿੰਤਾ ਪ੍ਰਗਟਾਈ ਹੈ। ਲਿਨਕੋਲਨ ਕਾਊਂਟੀ ਸ਼ੈਰਿਫ ਦੇ ਦਫਤਰ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਇਸ ਪੱਤਰ ਦੀ ਨਿੰਦਾ ਕੀਤੀ ਗਈ ਹੈ ਤੇ ਕਿਹਾ ਹੈ ਕਿ ਇਹ ਪੱਤਰ ਲੋਕਾਂ ਵਿਚ ਫੁੱਟ ਪਾਉਣ ਦਾ ਕਾਰਨ ਬਣ ਸਕਦਾ ਹੈ।
ਸ਼ੈਰਿਫ ਕਰਟਿਸ ਲੈਂਡਰਜ ਨੇ ਕਿਹਾ ਹੈ ਕਿ ਉਸ ਨੂੰ ਵੀ ਅਜਿਹਾ ਪੱਤਰ ਮਿਲਿਆ ਹੈ ਜਿਸ ਉਪਰੰਤ ਉਸ ਨੇ ਸੰਘੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਐਫ ਬੀ ਆਈ ਨੇ ਕਿਹਾ ਹੈ ਕਿ ਉਹ ਅਜਿਹੇ ਪੱਤਰ ਭੇਜੇ ਜਾਣ ਤੋਂ ਜਾਣੂ ਹੈ। ਐਫ ਬੀ ਆਈ ਅਨੁਸਾਰ ਇਸ ਪੱਤਰ ਰਾਹੀਂ ਅਸੁਰੱਖਿਅਤ ਮਹਿਸੂਸ ਕਰ ਰਹੇ ਲੋਕਾਂ ਦਾ ਹੌਂਸਲਾ ਵਧਾਇਆ ਗਿਆ ਹੈ ਤੇ ਉਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਚਿੰਤਾ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਸਾਂਝੀ ਕਰਨ।
ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਚਰਚ ਪਾਰਕਿੰਗ ਖੇਤਰ ਵਿਚ ਬੈਠੇ ਹਨ ਜਾਂ ਸਕੂਲ ਤੋਂ ਆਪਣੇ ਬੱਚਿਆਂ ਨੂੰ ਲੈਣ ਗਏ ਹਨ ਤਾਂ ਸੰਭਾਵੀ ਪ੍ਰਵਾਸੀਆਂ ਦੀਆਂ ਕਾਰਾਂ ਦੇ ਨੰਬਰ ਲਿਖ ਲੈਣ ਕਿਉਂਕਿ ਹੋ ਸਕਦਾ ਹੈ ਕਿ ਉਨਾਂ ਪ੍ਰਵਾਸੀਆਂ ਕੋਲ ਦੇਸ਼ ਵਿਚ ਰਹਿਣ ਲਈ ਸਥਾਈ ਕਾਨੂੰਨੀ ਦਰਜਾ ਨਾ ਹੋਵੇ।
ਸ਼ੈਰਿਫ ਦਫਤਰ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਉਹ ਓਰੇਗੋਨ ਦੇ ਕਾਨੂੰਨ ਉਪਰ ਪਹਿਰਾ ਦੇਣ ਲਈ ਦ੍ਰਿੜ ਹਨ ਜਿਸ ਕਾਨੂੰਨ ਅਨੁਸਾਰ ਸਥਾਨਕ ਪੁਲਿਸ ਕਿਸੇ ਨੂੰ ਵੀ ਉਸ ਦੇ ਨਾਗਰਿਕਤਾ ਦਰਜੇ ਜਾਂ ਪ੍ਰਵਾਸ ਸਬੰਧੀ ਪੁੱਛਗਿੱਛ ਨਹੀਂ ਕਰ ਸਕਦੀ ਤੇ ਇਸ ਜਾਣਕਾਰੀ ਨੂੰ ਸੰਘੀ ਅਧਿਕਾਰੀਆਂ ਨਾਲ ਸਾਂਝੀ ਨਹੀਂ ਕਰ ਸਕਦੀ।
ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ” ਅਸੀਂ ਲੋਕਾਂ ਨੂੰ ਸਹੀ ਕੰਮ ਕਰਨ ਲਈ ਪ੍ਰੇਰਤ ਕਰ ਰਹੇ ਹਾਂ ਤੇ ਇਸ ਕਿਸਮ ਦੇ ਪੱਤਰਾਂ ਦਾ ਦਯਾ ਭਾਵਨਾ ਨਾਲ ਜਵਾਬ ਦੇਣ ਲਈ ਉਤਸ਼ਾਹਿਤ ਕਰ ਰਹੇ ਹਾਂ। ਅਸੀਂ ਪੱਤਰ ਵਿਚ ਜਿਸ ਕਿਸਮ ਦੀ ਸਰਗਰਮੀ ਵਰਤਣ ਲਈ ਕਿਹਾ ਗਿਆ ਹੈ, ਉਸ ਦਾ ਵਿਰੋਧ ਕਰਨ ਦੀ ਠੋਸ ਸਲਾਹ ਦਿੱਤੀ ਹੈ।” ਓਰੇਗੋਨ ਅਟਾਰਨੀ ਜਨਰਲ ਐਲਨ ਰੋਸਨਬਲਮ ਨੇ ਵੀ ਅਜਿਹੇ ਪੱਤਰਾਂ ਦੀ ਨਿੰਦਾ ਕੀਤੀ ਹੈ। ਉਨਾਂ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਨਸਲੀ ਕਿਸਮ ਦੇ ਪੱਤਰ ਰਾਹੀਂ ਲੋਕਾਂ ਤੇ ਉਨਾਂ ਦੇ ਆਗੂਆਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਓਰੇਗੋਨ ਵਿਚ ਸਫਲ ਨਹੀਂ ਹੋਣਗੀਆਂ।
ਅਸੀਂ ਉਨਾਂ ਲੋਕਾਂ ਵਿਰੁੱਧ ਇਕਜੁੱਟ ਹੋ ਕੇ ਲੜਾਂਗੇ ਜੋ ਸਾਨੂੰ ਵੰਡਣਾ ਚਹੁੰਦੇ ਹਨ। ਸ਼ੈਰਿਫ ਕਰਟਿਸ ਲੈਂਡਰਜ ਨੂੰ ਇਸ ਪੱਤਰ ਦੀ ਕਾਪੀ ਆਪਣੇ ਮੇਲਬਾਕਸ ਵਿਚ ਮਿਲੀ ਹੈ। ਮੇਅਰਾਂ ਤੇ ਕੌਂਸਲਰਾਂ ਨੂੰ ਵੀ ਇਸ ਕਿਸਮ ਦੇ ਪੱਤਰ ਮਿਲਣ ਦੀਆਂ ਖਬਰਾਂ ਹਨ। ਸਮਝਿਆ ਜਾਂਦਾ ਹੈ ਕਿ ਇਹ ਪੱਤਰ ਰਾਸ਼ਟਰਪਤੀ ਚੋਣ ਜਿੱਤੇ ਡੋਨਾਲਡ ਟਰੰਪ ਦੀ ਉਸ ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਮੂਹਿਕ ਤੌਰ ‘ਤੇ ਦੇਸ਼ ਨਿਕਾਲਾ ਦਿੱਤਾ ਜਾਣਾ ਹੈ।
ਇਸ ਦੇ ਵਿਰੋਧ ਵਿਚ ਐਡਵੋਕੇਸੀ ਗਰੁੱਪਾਂ ਨੇ ਪ੍ਰਵਾਸੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ਪ੍ਰਵਾਸੀਆਂ ਪ੍ਰਤੀ ਦੋਸਤਾਨਾ ਪਹੁੰਚ ਰਖਦੇ ਰਾਜ ਕੈਲੀਫੋਰਨੀਆ ਤੇ ਇਲੀਨੋਇਸ ਸਮੇਤ ਦੇਸ਼ ਭਰ ਵਿਚ ਇਕ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਵਾਸੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਤੇ ਆਪਣੇ ਨਜ਼ਦੀਕੀਆਂ ਦਾ ਬਚਾਅ ਕਿਸ ਤਰਾਂ ਕਰ ਸਕਦੇ ਹਨ।