ਯੈੱਸ ਪੰਜਾਬ
ਪਟਿਆਲਾ, 10 ਅਗਸਤ, 2024
ਰੀਲਾਂ ਬਣਾਉਣ ਦੀ ਦੀਵਾਨਗੀ ਇੱਕ ਵਾਰ ਫ਼ਿਰ ਕੁਝ ਨਾਬਾਲਗਾਂ ਲਈ ਜਾਨਲੇਵਾ ਸਾਬਿਤ ਹੋਈ ਹੈ।
ਪਟਿਆਲਾ ਵਿੱਚ ਭਾਦਸੋਂ ਰੋਡ ਨੇੜੇ ਲੰਘਦੀ ਨਹਿਰ ਵਿੱਚ ਦੋ ਦੋਸਤਾਂ ਦੇ ਰੀਲ ਬਣਾਉਣ ਦੇ ਚੱਕਰ ਵਿੱਚ ਜਾਨ ਗੁਆ ਬਹਿਣ ਦੀ ਘਟਨਾ ਸਾਹਮਣੇ ਆਈ ਹੈ।
ਪਤਾ ਲੱਗਾ ਹੈ ਕਿ ਕੁਝ ਦੋਸਤ ਭਾਖ਼ੜਾ ਨਹਿਰ ਵੱਲ ਗਏ ਸਨ ਅਤੇ ਵਾਪਸੀ ’ਤੇ ਨਹਿਰੋ-ਨਹਿਰ ਆਉਂਦੇ ਇਨ੍ਹਾਂ ਵਿੱਚੋਂ 14 ਅਤੇ 17 ਸਾਲਾਂ ਦੇ ਦੋ ਮੁੰਡਿਆਂ ਨੇ ਰੀਲ ਬਣਾਉਣ ਦੀ ਪਹਿਲਕਦਮੀ ਕੀਤੀ।
ਆਈਡੀਆ ਇਹ ਸੀ ਕਿ 14 ਸਾਲਾ ਮੁੰਡਾ ਨਹਿਰ ਵਿੱਚ ਡੁੱਬਣ ਲੱਗੇਗਾ ਤਾਂ 17 ਸਾਲਾ ਦੋਸਤ ਉਸਨੂੰ ਤੈਰ ਕੇ ਬਚਾਅ ਲਵੇਗਾ। ਇਹ ਘਟਨਾ ਤੀਜਾ ਦੋਸਤ ਬਾਹਰੋਂ ਕੈਮਰੇ ਵਿੱਚ ਕੈਦ ਕਰੇਗਾ ਜੋ ਬਾਅਦ ਵਿੱਚ ਰੀਲ ਬਣਾਉਣ ਦੇ ਕੰਮ ਆਵੇਗੀ।
14 ਸਾਲਾ ਲੜਕੇ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ ਪਰ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਤਾਂ 17 ਸਾਲਾ ਮੁੰਡੇ ਨੇ ਉਸ ਦੇ ਮਗਰੇ ਹੀ ਬਚਾਉਣ ਲਈ ਛਾਲ ਮਾਰੀ ਪਰ 14 ਸਾਲਾ ਮੁੰਡੇ ਨੇ ਡੁੱਬ ਜਾਣ ਦੇ ਡਰੋਂ 17 ਸਾਲਾ ਮੁੰਡੇ ਨੂੰ ਘੁੱਟ ਕੇ ਜੱਫ਼ਾ ਮਾਰ ਲਿਆ ਜਿਸ ਨਾਲ ਉਹ ਚੰਗੀ ਤਰ੍ਹਾਂ ਤੈਰ ਕੇ ਉਸਨੂੰ ਬਾਹਰ ਲਿਆਉਣ ਵਿੱਚ ਹੀ ਅਸਫ਼ਲ ਨਹੀਂ ਰਿਹਾ ਸਗੋਂ ਦੋਵੇਂ ਹੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ।
ਡੱਬੇ ਬੱਚੇ ਅਬਲੋਵਾਲ ਇਲਾਕੇ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਘਟਨਾ ਲਗਪਗ ਦੁਪਹਿਰ ਇੱਕ ਵਜੇ ਦੀ ਦੱਸੀ ਜਾਂਦੀ ਹੈ। ਘਬਰਾਏ ਹੋਏ ਬਾਹਰ ਖੜ੍ਹੇ ਦੋਸਤ ਘਰ ਪੁੱਜੇ ਤੇ ਪਰਿਵਾਰਾਂ ਨੂੰ ਦੱਸਿਆ ਜਿਸ ਮਗਰੋਂ ਗੋਤਾਖ਼ੋਰ ਲਗਾਤਾਰ ਦੋਵਾਂ ਮੁੰਡਿਆਂ ਦੀ ਭਾਲ ਕਰ ਰਹੇ ਹਨ ਪਰ ਦੇਰ ਸ਼ਾਮ ਖ਼ੁਬਰ ਲਿਖ਼ੇ ਜਾਣ ਤਕ ਵੀ ਦੋਹਾਂ ਦੀ ਕੋਈ ਉੱਘ ਸੁੱਘ ਨਹੀਂ ਲੱਗੀ ਸੀ।
ਸਧਾਰਨ ਘਰਾਂ ਦੇ ਦੱਸੇ ਜਾਂਦੇ ਦੋਵੇਂ ਮੁੰਡਿਆਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਸਮਾਂ ਲੰਘਦੇ ਜਾਣ ਨਾਲ ਦੋਹਾਂ ਦੇ ਬਚਾਅ ਦੀ ਆਸ ਘਟਦੀ ਜਾ ਰਹੀ ਹੈ।