ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 13, 2024:
ਜੈਕਸਨ ਐਟਲਾਂਟਾ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਡੈਲਟਾ ਏਅਰ ਲਾਈਨਜ਼ ਦੇ ਦੋ ਜਹਾਜ਼ ਆਪਸ ਵਿਚ ਖਹਿ ਗਏ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਏਅਰ ਲਾਈਨਜ਼ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਘਟਨਾ ਸਥਾਨਕ ਸਮੇ ਅਨੁਸਾਰ ਸਵੇਰੇ 10.07 ਵਜੇ ਦੇ ਆਸ ਪਾਸ ਵਾਪਰੀ ਜਿਸ ਵਿਚ ਡੈਲਟਾ ਏਅਰ ਲਾਈਨਜ਼ ਦਾ ਇਕ ਜਹਾਜ਼ ਜੋ ਟੋਕੀਓ, ਜਪਾਨ ਜਾ ਰਿਹਾ ਸੀ, ਦਾ ਇਕ ਖੰਭ ਇਕ ਹੋਰ ਜਹਾਜ਼ ਜੋ ਲਫੇਟ, ਲੁਇਸਿਆਨਾ ਜਾ ਰਿਹਾ ਸੀ, ਦੇ ਪਿਛਲੇ ਹਿੱਸੇ ਨਾਲ ਖਹਿ ਗਿਆ। ਇਸ ਹਾਦਸੇ ਵਿਚ ਇਕ ਜਹਾਜ਼ ਦੇ ਪਿਛਲੇ ਹਿੱਸੇ ਤੇ ਦੂਸਰੇ ਜਹਾਜ਼ ਦੇ ਖੰਭ ਨੂੰ ਨੁਕਸਾਨ ਪੁੱਜਾ ਹੈ।
ਏਅਰ ਲਾਈਨਜ਼ ਨੇ ਕਿਹਾ ਹੈ ਕਿ ਇਸ ਹਾਦਸੇ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਤੇ ਯਾਤਰੀਆਂ ਨੂੰ ਵਾਪਿਸ ਟਰਮੀਨਲ ‘ਤੇ ਭੇਜਿਆ ਗਿਆ ਹੈ। ਉਨਾਂ ਨੂੰ ਬਦਲਵੀਆਂ ਉਡਾਣਾਂ ਰਾਹੀਂ ਉਨਾਂ ਦੇ ਟਿਕਾਣਿਆਂ ‘ਤੇ ਪਹੁੰਚਾਇਆ ਜਾਵੇਗਾ।