ਯੈੱਸ ਪੰਜਾਬ
ਗਿੱਦੜਬਾਹਾ, 5 ਅਗਸਤ, 2024:
ਗਿੱਦੜਬਾਹਾ ਦੇ ਗੁਰਦੁਆਰਾ ਦੱਸਵੀਂ ਪਾਤਸ਼ਾਹੀ ਦੇ ਸਰੋਵਰ ਵਿੱਚ ਦੋ ਬੱਚਿਆਂ ਦੇ ਡੁੱਬ ਕੇ ਮਾਰੇ ਜਾਣ ਦੀ ਖ਼ਬਰ ਹੈ। ਐਤਵਾਰ ਸ਼ਾਮ ਤੋਂ ਲਾਪਤਾ ਹੋਏ ਬੱਚਿਆਂ ਦੀਆਂ ਲਾਸ਼ਾਂ ਅੱਜ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚੋਂ ਬਰਾਮਦ ਹੋਈਆਂ ਹਨ। ਦੋਵੇਂ ਬੱਚੇ ਇੱਕੋ ਹੀ ਪਰਿਵਾਰ ਨਾਲ ਸੰਬੰਧਤ ਦੱਸੇ ਜਾ ਰਹੇ ਹਨ।
ਮ੍ਰਿਤਕ ਬੱਚਿਆਂ ਦੀ ਪਛਾਣ 9 ਸਾਲਾ ਖੁਸ਼ਪ੍ਰੀਤ ਅਤੇ 10 ਸਾਲਾ ਸਾਹਿਲ ਵਜੋਂ ਹੋਈ ਹੈ।
ਸਵੇਰੇ ਇੱਕ ਬੱਚੇ ਦੀ ਲਾਸ਼ ਪਹਿਲਾਂ ਸਰੋਵਰ ਵਿੱਚ ਤੈਰਦੀ ਵੇਖ਼ੀ ਗਈ ਜਿਸ ਮਗਰੋਂ ਦੂਜੇ ਬੱਚੇ ਦੀ ਲਾਸ਼ ਵੀ ਇਯੇ ਸਰੋਵਰ ਵਿੱਚੋਂ ਬਰਾਮਦ ਕਰ ਲਈ ਗਈ।
ਇੱਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਇਹ ਬੱਚੇ 2-3 ਹੋਰ ਬੱਚਿਆਂ ਸਣੇ ਖ਼ੇਡਣ ਲਈ ਪਾਰਕ ਵਿੱਚ ਗਏ ਸਨ। ਸ਼ਾਮ 7 ਵਜੇ ਦੇ ਕਰੀਬ ਬੱਚੇ ਗਏ ਸਨ ਪਰ ਜਦ 8 ਵਜੇ ਦੇ ਕਰੀਬ ਬਾਕੀ ਬੱਚੇ ਘਰਾਂ ਨੂੰ ਵਾਪਸ ਆ ਗਏ ਤਾਂ ਪੁੱਛਣ’ਤੇ ਉਨ੍ਹਾਂ ਦੱਸਿਆ ਕਿ ਇਹ ਦੋਵੇਂ ਬੱਚੇ ਅਜੇ ਪਾਰਕ ਵਿੱਚ ਹੀ ਸਨ। ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਪਰ ਪਾਰਕ ਸਣੇ ਹੋਰ ਥਾਂਵਾਂ ’ਤੇ ਵੀ ਬੱਚੇ ਨਹੀਂ ਮਿਲੇ।
ਉਹ ਰਾਤ ਨੂੰ ਥਾਣੇ ਗਏ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਪਰ ਬੱਚੇ ਨਹੀਂ ਲੱਭੇ ਅਤੇ ਸਵੇਰੇ ਹੀ ਗੁਰਦੁਆਰੇ ਦੇ ਸਰੋਵਰ ਵਿੱਚ ਲਾਸ਼ਾਂ ਪਾਏ ਜਾਣ ਮਗਰੋਂ ਪਤਾ ਲੱਗਾ ਕਿ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਕਪੜੇ ਮ੍ਰਿਤਕ ਦੇਹਾਂ ’ਤੇ ਪਾਏ ਹੋਏ ਸੀ ਜੋ ਕਿ ਸ਼ੱਕ ਖੜ੍ਹੇ ਕਰਦਾ ਹੈ ਕਿਉਂਕਿ ਜੇ ਬੱਚੇ ਆਪ ਸਰੋਵਰ ਵਿੱਚ ਨਹਾਉਣ ਲਈ ਉੱਤਰਦੇ ਤਾਂ ਉਨ੍ਹਾਂ ਨੇ ਕਪੜੇ ਲਾਹ ਕੇ ਹੀ ਸਰੋਵਰ ਵਿੱਚ ਜਾਣਾ ਸੀ।
ਪਤਾ ਲੱਗਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸਰੋਵਰ ਵੱਲ ਜਾਂਦੇ ਰਸਤੇ ’ਤੇ ਸੀ.ਸੀ.ਟੀ.ਵੀ.ਕੈਮਰਾ ਹੈ ਅਤੇ ਇਸ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗੇ ਕਿ ਬੱਚੇ ਕਦ ਅਤੇ ਕਿਵੇਂ ਸਰੋਵਰ ਵੱਲ ਗਏ।
ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਅਨੁਸਾਰ ਗੁਰਦੁਆਰਾ ਸਾਹਿਬ ਦਾ ਗੇਟ 9 ਵਜੇ ਤਕ ਖੁਲ੍ਹਾ ਰਹਿੰਦਾ ਹੈ ਪਰ ਗੁਰਦੁਆਰਾ ਸਾਬਿ ਦੇ ਪਾਰਕ ਵਾਲੇ ਪਾਸਿਉਂ ਕੰਧ ਸਹੀ ਨਾ ਹੋਣ ਕਾਰਨ ਉੱਧਰੋਂ ਵੀ ਬੱਚੇ ਅੰਦਰ ਆ ਜਾਂਦੇ ਹਨ।
ਪੁਲਿਸ ਬੱਚਿਆਂ ਦਾ ਪੋਸਟ ਮਾਰਟਮ ਕਰਵਾ ਰਹੀ ਹੈ ਅਤੇ ਪੋਸਟ ਮਾਰਟਮ ਉਪਰੰਤ ਅਤੇ ਸੀ.ਸੀ.ਟੀ.ਵੀ. ਵਿੱਚ ਕੁਝ ਪਾਏ ਜਾਣ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਹੋਵੇਗੀ।