ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 13, 2024:
ਸਾਬਕਾ ਰਾਸ਼ਟਰਪਤੀ ਤੇ ਰਾਸ਼ਟਰਪਤੀ ਦੇ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਵਿਰੋਧੀ ਪ੍ਰਚਾਰ ਨੂੰ ਜਾਰੀ ਰਖਦਿਆਂ ਔਰੋਰਾ, ਕੋਲੋਰਾਡੋ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਇਹ ਸ਼ਹਿਰ ਵੈਨੇਜ਼ੂਏਲੀਅਨ ਲੋਕਾਂ ਦੇ ਗਿਰੋਹ ਕਾਰਨ ‘ਵਾਰ ਜ਼ੋਨ’ ਬਣ ਚੁੱਕਾ ਹੈ।
ਉਨਾਂ ਐਲਾਨ ਕੀਤਾ ਕਿ ਜੋ ਵੀ ਪ੍ਰਵਾਸੀ ਕਿਸੇ ਅਮਰੀਕੀ ਜਾਂ ਪੁਲਿਸ ਅਫਸਰ ਦੀ ਹੱਤਿਆ ਕਰੇਗਾ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਬਹੁਤ ਹੀ ਐਸ਼ੋ ਆਰਾਮ ਵਾਲੇ ਗੇਲਾਰਡ ਰੌਕੀਜ ਰਿਜ਼ਾਰਟ ਐਂਡ ਕਨਵੈਨਸ਼ਨ ਸੈਂਟਰ ਜਿਥੇ ਇਕ ਕਮਰੇ ਦਾ ਕਿਰਾਇਆ ਪ੍ਰਤੀ ਰਾਤ 400 ਡਾਲਰ ਹੈ, ਵਿਖੇ ਬੋਲਦਿਆਂ ਟਰੰਪ ਨੇ ਕਿਹਾ ਕਿ ਔਰੋਰਾ ਵਿਚਲਾ ਵੈਨੇਜ਼ੂਏਲੀਅਨ ਭਾਈਚਾਰਾ ਅਪਰਾਧੀ ਹੈ।
ਉਨਾਂ ਦੋਸ਼ ਲਾਇਆ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਟਰੰਪ ਨੇ ਦੋਸ਼ ਲਾਇਆ ਕਿ ਹੈਰਿਸ ਨੇ ਤੀਸਰੀ ਦੁਨੀਆਂ ਦੀ ਕਾਲ ਕੋਠੜੀ ਵਿਚੋਂ ਬਿਨਾਂ ਦਸਤਾਵੇਜ਼ ਪ੍ਰਵਾਸੀ ਲਿਆਂਦੇ ਹਨ। ਟਰੰਪ ਨੇ ਜੁੜੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈ ਔਰੋਰਾ ਤੇ ਹਰ ਕਸਬੇ ਨੂੰ ਸੁਰੱਖਿਅਤ ਕਰਾਂਗਾ।
ਉਨਾਂ ਕਿਹਾ ” ਅਸੀਂ ਇਨਾਂ ਖਤਰਨਾਕ ਤੇ ਖੂਨ ਦੇ ਪਿਆਸੇ ਅਪਰਾਧੀਆਂ ਨੂੰ ਜੇਲਾਂ ਵਿਚ ਬੰਦ ਕਰਾਂਗੇ ਜਾਂ ਦੇਸ਼ ਵਿਚੋਂ ਹੀ ਕੱਢ ਦੇਵਾਂਗੇ।” ਟਰੰਪ ਨੇ ਆਪਣੀ ਨਵੀਂ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਉਹ ”ਆਪਰੇਸ਼ਨ ਔਰੋਰਾ” ਕਰਨਗੇ ਤੇ ਵਿਦੇਸ਼ੀ ਦੁਸ਼ਮਣ ਐਕਟ 1978 ਦੀ ਵਰਤੋਂ ਕਰਕੇ ਗਿਰੋਹ ਨਾਲ ਸਬੰਧਿਤ ਗੈਰਦਸਤਾਵੇਜੀ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਵਿਖਾਉਣਗੇ।
ਉਨਾਂ ਕਿਹਾ ਕਿ ‘ਅਸੀਂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ, ਸਰਹੱਦੀ ਗਸ਼ਤੀ ਦਲ ਤੇ ਸੰਘੀ ਲਾਅ ਇਨਫੋਰਸਮੈਂਟ ਅਫਸਰਾਂ ਨੂੰ ਗੈਰ ਕਾਨੂੰਨੀ ਵਿਦੇਸ਼ੀ ਗਿਰੋਹ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਲਈ ਭੇਜਾਂਗੇ ਤੇ ਇਹ ਮੁਹਿੰਮ ਓਦੋਂ ਤਕ ਜਾਰੀ ਰਹੇਗੀ ਜਦੋਂ ਤਕ ਹਰ ਗੈਰ ਕਾਨੂੰਨੀ ਵਿਦੇਸ਼ੀ ਬਾਹਰ ਨਹੀਂ ਕੱਢ ਦਿੱਤਾ ਜਾਂਦਾ।
” ਇਥੇ ਜਿਕਰਯੋਗ ਹੈ ਕਿ ਟਰੰਪ ਨੇ ਇਸ ਤੋਂ ਪਹਿਲਾਂ ਦੋਸ਼ ਲਾਇਆ ਸੀ ਕਿ ਸਪਰਿੰਗਫੀਲਡੀ, ਓਹੀਓ ਵਿਚ ਹੈਤੀਅਨ ਲੋਕ ਸਥਾਨਕ ਲੋਕਾਂ ਦੇ ਪਾਲਤੂ ਜਾਨਵਰ ਚੋਰੀ ਕਰਕੇ ਖਾਂਦੇ ਹਨ। ਟਰੰਪ ਦੇ ਇਨਾਂ ਦੋਸ਼ਾਂ ਨੂੰ ਉਪ ਰਾਸ਼ਟਰਪਤੀ ਦੇ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਜੇ ਡੀ ਵੈਂਸ ਨੇ ਵੀ ਵਾਰ ਵਾਰ ਦੁਹਰਾਇਆ ਸੀ।
ਜਦ ਕਿ ਸਥਾਨਕ ਪੁਲਿਸ ਨੇ ਇਨਾਂ ਦੋਸ਼ਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਸੀ। ਔਰੋਰਾ ਵਿਚ ਵੀ ਪੁਲਿਸ ਤੇ ਰਿਪਬਲੀਕਨ ਮੇਅਰ ਮਾਈਕ ਕੌਫਮੈਨ ਨੇ ਟਰੰਪ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਸ਼ਹਿਰ ਵਿਚ ਕਿਸੇ ਗਿਰੋਹ ਜਾਂ ਹੋਰ ਪ੍ਰਵਾਸੀਆਂ ਵੱਲੋਂ ਵੱਡੀ ਪੱਧਰ ‘ਤੇ ਅਪਰਾਧਾਂ ਵਿਚ ਸ਼ਾਮਿਲ ਹੋਣ ਵਰਗੀ ਕੋਈ ਗੱਲ ਨਹੀਂ ਹੈ।