ਯੈੱਸ ਪੰਜਾਬ,
ਫ਼ਿਰੋਜ਼ਪੁਰ, 3 ਸਤੰਬਰ, 2024:
ਫ਼ਿਰੋਜ਼ਪੁਰ ਦੇ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਦੇ ਬਾਹਰ ਇੱਕ ਕਾਰ ਵਿੱਚ ਸੁਆਰ ਇੱਕ ਹੀ ਪਰਿਵਾਰ ਦੇ 5 ਲੋਕਾਂ ’ਤੇ ਕੁਝ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਫ਼ਾਇਰਿੰਗ ਕੀਤੇ ਜਾਣ ਨਾਲ ਇੱਕ ਔਰਤ ਸਣੇ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੁਪਹਿਰ ਦੇ ਕਰੀਬ ਵਾਪਰੀ ਜਦ ਚਿੱਟੀ ਵਰਨਾ ਕਾਰ ਵਿੱਚ ਸਵਾਰ ਬੰਸੀ ਗੇਟ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰੋਂ ਲੰਘ ਰਹੇ ਸਨ ਤਾਂ ਬਾਈਕ ’ਤੇ ਆਏ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਕਾਰ ਦੇ ਸਾਹਮਣੇ ਬਾਈਕ ਸੁੱਟ ਕੇ ਕਾਰ ਰੋਕ ਲਈ ਅਤੇ ਕਾਰ ’ਤੇ ਤਾਬੜਤੋੜ ਫ਼ਾਇਰਿੰਗ ਕਰ ਦਿੱਤੀ ਜਿਸ ਦੇ ਨਤੀਜੇ ਵਜੋਂ ਕਾਰ ਵਿੱਚ ਸਵਾਰ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਾਕੀ ਚਾਰੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਨੇ ਹਸਪਤਾਲ ਪੁੱਜ ਕੇ ਦਮ ਤੋੜ ਦਿੱਤਾ।
ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਸਾਰੇ ਪਾਸਿਉਂ ਕਾਰ ’ਤੇ ਫ਼ਾਇਰਿੰਗ ਕਰਦੇ ਹੋਏ 20 ਤੋਂ ਵੀ ਜ਼ਿਆਦਾ ਰਾਊਂਡ ਫ਼ਾਇਰ ਕੀਤੇ। ਘਟਨਾ ਤੋਂ ਬਾਅਦ ਕਾਰ ਦੇ ਸਾਹਮਣੇ ਸੁੱਟਿਆ ਮੋਟਰਸਾਈਕਲ ਉੱਥੇ ਹੀ ਛੱਡ ਕੇ ਹਮਲਾਵਰ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।
ਇੱਕ ਮ੍ਰਿਤਕ ਦੀ ਪਛਾਣ ਦਿਲਦੀਪ ਸਿੰਘ ਵਜੋਂ ਹੋਈ ਹੈ ਜਿਸ ਦਾ ਆਪਣਾ ਵੀ ਅਪਰਾਧਕ ਰਿਕਾਰਡ ਦੱਸਿਆ ਜਾ ਰਿਹਾ ਹੈ ਅਤੇ ਉਸ ਉੱਤੇ ਐੱਨ.ਆਈ.ਏ. ਦੀ ਛਾਪੇਮਾਰੀ ਵੀ ਹੋਈ ਸੀ। ਉਸ ਦੇ ਨਾਲ ਮਰਣ ਵਾਲਿਆਂ ਵਿੱਚ ਉਸ ਦੀ ਭੈਣ ਅਤੇ ਚਚੇਰਾ ਭਰਾ ਸ਼ਾਮਲ ਹਨ।
ਫ਼ਿਰੋਜ਼ਪੁਰ ਦੇ ਐੱਸ.ਪੀ. ਡੀ., ਰਣਧੀਰ ਕੁਮਾਰ ਅਨੁਾਰ ਦਿਲਦੀਪ ’ਤੇ ਮੁਹਾਲੀ ਅਤੇ ਮਮਦੋਟ ਵਿੱਚ ਕਤਲਾਂ ਦੇ ਦੋ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਸੀ.ਸੀ.ਟੀ.ਵੀ. ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।
ਖ਼ਬਰ ਇਹ ਵੀ ਹੈ ਕਿ ਲਵਪ੍ਰੀਤ ’ਤੇ ਪਹਿਲਾਂ ਵੀ ਚੰਡੀਗੜ੍ਹ ਨੇੜੇ ਹਮਲਾ ਹੋਇਆ ਸੀ।
ਪੁਲਿਸ ਇਸ ਨੂੰ ਗੈਂਗਵਾਰ ਦਾ ਮਾਮਲਾ ਸਮਝ ਕੇ ਚੱਲ ਰਹੀ ਹੈ।