ਯੈੱਸ ਪੰਜਾਬ
ਚੰਡੀਗੜ੍ਹ, 8 ਨਵੰਬਰ, 2024
ਸਾਬਕਾ ਸਪੀਕਰ ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿੱਦ ਜਾਂ ਫੈਵੀਕੋਲ ਵਾਂਗ ਅਹੁੱਦਿਆਂ ਤੇ ਚੰਬੜਣ ਵਾਲੇ ਸਿਆਸਤਦਾਨ ਦੇਸ਼,ਆਮ ਲੋਕਾਂ ਅਤੇ ਵਕਤ ਦਾ ਨਾ ਵਰਨਣਯੋਗ ਨੁਕਸਾਨ ਕਰ ਰਹੇ ਹਨ ,ਜਿਨ੍ਹਾਂ ਦੀ ਗਿਣਤੀ ਕਰੋੜਾਂ ਚ ਹੁੰਦੀ ਹੈ। ਜੇ ਪੰਜਾਬ ਨਾਲ ਸਬੰਧਿਤ ਸਿੱਖ ਮਾਹਰਾਂ,ਵਿਦਵਾਨਾਂ ਅਤੇ ਰਾਜਨੀਤੀਵਾਨਾ ਦੀ ਮੰਨੀਏ ਤਾਂ ਬਾਦਲ ਦਲ ਵਾਲੇ,ਨਵੀਂ ਲੀਡਰਸ਼ਿਪ ਨਾਂ ਉਭਾਰਨ ਦੇ ਰਹੇ ਹਨ ਤੇ ਨਾਂ ਹੀ ਅਹੁੱਦੇ ਛੱਡ ਰਹੇ ਹਨ, ਦੂਸਰੇ ਪਾਸੇ ਕੌਮ,ਲੋਕਾਂ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ।
ਰਵੀਇੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕੌਮੀ ਮਸਲੇ ਲਟਕੇ ਹਨ,ਪੰਥਕ ਮਸਲੇ ਠੰਡੇ ਬਸਤੇ ਚ ਪਏ ਹਨ। ਆਮ ਤੇ ਦੱਬੇ ਕੁੱਚਲੇ ਲੋਕਾਂ ਦੀ ਰਸੋਈ ਅਰਥ-ਵਿਵਸਥਾ ਅਸ਼ੁਭ ਚੱਕਰ ਚ ਘਿਰੀ ਪਲਸੇਟੇ ਮਾਰ ਰਹੀ ਹੈ,ਬੇਰੁਜਗਾਰ ਹੁਕਮਰਾਨਾਂ,ਸਿਆਸਤਦਾਨਾਂ ਦੀਆਂ ਨੀਤੀਆਂ ਤੇ ਵਾਅਦਿਆਂ ਨੂੰ ਕੋਸਦੇ ਹੋਏ,ਜਮੀਨ ਘਰ-ਬਾਹਰ ਵੇਚ ਕੇ ਬੱਚੇ ਬਾਹਰ ਭੇਜ ਰਹੇ ਹਨ,ਜਿਸ ਨੂੰ ਬਰੇਨ-ਡਰੇਨ ਕਿਹਾ ਜਾਂਦਾ ਹੈ।
ਅਕਾਲੀ ਦਲ 1920 ਦੇ ਪ੍ਰਧਾਨ ਅਨੁਸਾਰ ਇਸ ਸਰਹੱਦੀ ਸੂਬੇ ਚ ਸਿੱਖੀ ਦਾ ਪ੍ਰਭਾਵ ਹੈ ਪਰ ਬਾਦਲ ਦਲ ਦਾ ਪਾਰਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਅਕਾਲ ਤਖਤ ਸਾਹਿਬ ਤੇ ਕੰਟਰੋਲ ਹੋਣ ਕਰਕੇ,ਸਿੱਖ ਕੌਮ ਨਵੀਂ ਇਮਾਨਦਾਰ ,ਨਿਸ਼ਕਾਮ ਸੇਵਾ ਵਾਲੀ ਲੀਡਰਸ਼ਿਪ ਲੱਭ ਰਹੀ ਹੈ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚਲ ਆ ਰਹੇ ਹਨ,ਜਿਨਾਂ ਦੀ ਅਗਵਾਈ ਹੇਠ ਅਕਾਲੀ ਦਲ ਦਾ ਬੇਹੱਦ ਨੁਕਸਾਨ ਹੋਇਆ,ਜਿਸ ਦੀ ਭਰਪਾਈ ਕਦੇ ਵੀ ਨਹੀ ਹੋ ਸਕਦੀ।
ਹੋਰ ਪ੍ਰਮੁੱਖ ਤੇ ਪਰਖੀਆਂ ਅਤੇ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਵੀ ਆਪੋ-ਆਪਣੀਆਂ ਸਰਕਾਰਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਚ ਅਸਫਲ ਰਹੇ। ਕਿਸੇ ਵੀ ਸਰਕਾਰ ਨੇ ਕਿਸਾਨ ਤੇ ਮਿਹਨਤਕਸ਼ ਦੀ ਬਾਂਹ ਨਹੀਂ ਫੜੀ। ਕਿਸਾਨੀ ਕਰਜ਼ਾ ਮੁਆਫ ਨਹੀਂ ਹੋਇਆ। ਵਿਦਵਾਨਾਂ ਦੀ ਮੰਨੀਏ ਤਾਂ ਉਹ ਆਖ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨਵਾਂ ਬਣਨ ਨਾਲ ਨਵੀਂ-ਲੀਡਰਸ਼ਿਪ ਪੈਦਾ ਹੋ ਸਕਦੀ ਹੈ ਜੋ ਪੰਜਾਬ ਤੇ ਪੰਥਕ ਮਸਲਿਆਂ ਪ੍ਰਤੀ ਸੁਹਿਰਦ ਹੋਵੇ ਤਾਂ ਜੋ ਅਰਥ-ਵਿਵਸਥਾ ਦੇ ਲੀਹੋ-ਲੱਥੇ ਪੰਜਾਬ ਨੂੰ ਦੁਬਾਰਾ ਲੀਹ ਤੇ ਲਿਆਂਦਾ ਜਾ ਸਕੇ।
ਉਨਾਂ ਕਿਹਾ ਕਿ ਪੰਜਾਬ ਦੇ ਰਾਜਸੀ,ਧਾਰਮਿਕ ਅਤੇ ਸਮਾਜਿਕ ਹੱਕ , ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਚ ਸੁਰੱਖਿਅਤ ਹਨ ਬਸ਼ਰਤ ਸੁਖਬੀਰ ਸਿੰਘ ਬਾਦਲ ਸਮੇਤ ਪੁਰਾਣੇ ਲੀਡਰ ਜਨਤਕ ਹਿੱਤਾਂ ਵਿੱਚ ਕੁਝ ਸਮਾਂ ਸਤਾ ਤੇ ਸਿਆਸਤ ਤੋਂ ਲਾਂਭੇ ਹੋ ਜਾਣ। ਇਸ ਵੇਲੇ ਬੇਅਦਬੀ,ਪਾਵਨ ਸਰੂਪਾਂ ਦਾ ਗਾਇਬ ਹੋਣਾ,ਪੰਜਾਬ ਮਾਮਲੇ ਚੰਡੀਗੜ੍ਹ,ਬੀਬੀਐਮਬੀ,ਬੰਦੀ ਸਿੰਘਾਂ ਦੀ ਰਿਹਾਈ,ਆਦਿ ਅਜਿਹੇ ਮੱਸਲੇ ਹਨ ,ਜਿਨਾਂ ਦੇ ਤੁਰੰਤ ਨਿਪਟਾਰੇ ਲਈ ਬੜੀ ਸੂਝਵਾਨ ਤੇ ਪਰਖ਼ੀ ਹੋਈ ਸਿੱਖ ਲੀਡਰਸ਼ਿਪ ਹੀ ਪਾਰਟੀ ਢਾਂਚਾ ਮਜਬੂਤ ਕਰਕੇ,ਸ਼੍ਰੋਮਣੀ ਕਮੇਟੀ ਚੋਣਾਂ ਜਿੱਤ ਕੇ ਸਰਕਾਰ ਨੂੰ ਟੱਕਰ ਦੇ ਸਕਦੀ ਹੈ।