ਯੈੱਸ ਪੰਜਾਬ
ਅੰਮ੍ਰਿਤਸਰ, 15 ਅਕਤੂਬਰ, 2024:
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਪਾਰਟੀ 24 ਘੰਟੇ ਦੇ ਅੰਦਰ ਅੰਦਰ ਵਿਵਾਦਿਤ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ 10 ਸਾਲ ਲਈ ਕੱਢਣ ਦਾ ਫ਼ੈਸਲਾ ਸੁਣਾਵੇ।
ਜਥੇਦਾਰ ਰਘਬੀਰ ਸਿੰਘ ਨੇ ਇਹ ਵੀ ਗੰਭੀਰ ਦੋਸ਼ ਲਗਾਇਆ ਕਿ ਵਿਰਸਾ ਸਿੰਘ ਵਲਟੋਹਾ ਉਨ੍ਹਾਂ ਦੀ ਬਿਮਾਰੀ ਦੇ ਬਹਾਨੇ ਉਨ੍ਹਾਂ ਦਾ ਪਤਾ ਲੈਣ ਉਨ੍ਹਾਂ ਦੇ ਘਰ ਪੁੱਜੇ ਅਤੇ ਇਸ ਦੌਰਾਨ ਨਾ ਕੇਵਲ ਉਨ੍ਹਾਂ ਨੇ ਉਨ੍ਹਾਂ ਨਾਲ ਗੱਲਬਾਤ ਦੀ ਗੁਪਤ ਤੌਰ ’ਤੇ ਰਿਕਾਰਡਿੰਗ ਕੀਤੀ ਸਗੋਂ ਉਨ੍ਹਾਂ ਨੂੰ ਇਹ ਕਹਿ ਕੇ ਧਮਕਾਇਆ ਕਿ ਜੇ ਜਥੇਦਾਰਾਂ ਨੇ ਕੋਈ ਫ਼ੈਸਲਾ ਸੁਖ਼ਬੀਰ ਸਿੰਘ ਬਾਦਲ ਦੇ ਖ਼ਿਲਾਫ਼ ਲਿਆ ਤਾਂ ਤੁਹਾਡੇ ਖ਼ਿਲਾਫ਼ ਹੋਰ ਕੋਈ ਬੋਲੇ ਜਾਂ ਨਾ, ਮੈਂ ਖੰਡਾ ਜ਼ਰੂਰ ਚੁੱਕਾਂਗਾ।
ਇਹ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤੇ ਹੋਣ ਕਰਕੇ ਅੱਜ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣਾ ਲਿਖ਼ਤੀ ਸਪਸ਼ਟੀਕਰਨ ਦਿੱਤਾ। ਜਥੇਦਾਰਾਂ ਸਾਹਮਣੇ 2 ਘੰਟੇ ਤੋਂ ਵੀ ਵੱਧ ਦੀ ਪੇਸ਼ੀ ਤੋਂ ਬਾਅਦ ਬਾਹਰ ਆ ਕੇ ਵਲਟੋਹਾ ਨੇ ਕਿਹਾ ਕਿ ਉਹਨਾਂ ਨੇ ਜਥੇਦਾਰਾਂ ਵੱਲੋਂ ਕੀਤੇ ਸਾਰੇ ਸੁਆਲਾਂ ਦੇ ਜਵਾਬ ਬੜੀ ਨਿਮਰਤਾ ਨਾਲ ਦਿੱਤੇ ਹਨ।
ਇਸ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਅੱਜ ਵਲਟੋਹਾ ਪੇਸ਼ ਹੋ ਕੇ ਆਪਣੀ ਮੁਆਫ਼ੀਨਾਮਾ ਪੇਸ਼ ਕਰ ਕੇ ਗਏ ਹਨ ਹਾਲਾਂਕਿ ਵਲਟੋਹਾ ਨੇ ਕਿਹਾ ਸੀ ਕਿ ਉਹ ਆਪਣਾ ਜਵਾਬ ਦੇ ਕੇ ਆਏ ਹਨ।
ਜਥੇਦਾਰ ਨੇ ਜਿੱਥੇ ਵਲਟੋਹਾ ਦਾ ਮੁਆਫ਼ੀਨਾਮਾ ਜਨਤਕ ਕੀਤਾ ਉੱਥੇ ਨਾਲ ਹੀ ਇਹ ਵੀ ਕਿਹਾ ਕਿ ਵਲਟੋਹਾ ਦੀ ਅੱਜ ਦੀ ਪੇਸ਼ੀ ਦੀ ਸਾਰੀ ਵੀਡੀਉਗਰਾਫ਼ੀ ਕਰਵਾਈ ਗਈ ਹੈ।
ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਵਲਟੋਹਾ ਵੱਲੋਂ ਭਾਜਪਾ ਤੇ ਆਰ.ਐੱਸ.ਐੱਸ. ਦੇ ਦਬਾਅ ਹੇਠ ਕੰਮ ਕਰਨ ਦੇ ਦੋਸ਼ ਵੀ ਸਾਬਿਤ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਮੇਰੀ ਬਿਮਾਰੀ ਮਗਰੋਂ ਮੇਰਾ ਹਾਲ ਜਾਨਣ ਲਈ ਬਹਾਨੇ ਨਾਲ ਮੇਰੇ ਘਰ ਪੁੱਜੇ ਵਲਟੋਹਾ ਨੇ ਨਾ ਕੇਵਲ ਗੁਪਤ ਤੌਰ ’ਤੇ ਰਿਕਾਰਡਿੰਗ ਕੀਤੀ ਉੱਥੇ ਹੀ ਸਗੋਂ ਸਿੱਧੇ ਤੌਰ ’ਤੇ ਮੈਨੂੰ ਧਮਕੀ ਵੀ ਦਿੱਤੀ। ਉਹਨਾਂ ਕਿਹਾ ਕਿ ਇਹ ਨਾ ਕੇਵਲ ਇੱਕ ਅਨੈਤਿਕ ਕਾਰਜ ਸੀ, ਸਗੋਂ ਕਿਸੇ ਨੂੰ ਬਿਨਾਂ ਦੱਸੇ ਉਸਦੀ ਰਿਕਾਰਡਿੰਗ ਕਰਨੀ ਗੈਰ ਕਾਨੂੰਨੀ ਵੀ ਹੈ। ਉਹਨਾਂ ਕਿਹਾ ਕਿ ਇਹ ਇੱਕ ਅਪਰਾਧ ਹੈ ਜੋ ਵਲਟੋਹਾ ਵੱਲੋਂ ਕੀਤਾ ਗਿਆ।
ਉਹਨਾਂ ਕਿਹਾ ਕਿ ਵਲਟੋਹਾ ਜਥੇਦਾਰਾਂ ਦੀ ਮੀਡੀਆ ਵਿੱਚ ਕਿਰਦਾਰਕੁਸ਼ੀ ਦੇ ਵੀ ਦੋਸ਼ੀ ਪਾਏ ਗਏ ਹਨ ਅਤੇ ਉਨ੍ਹਾਂ ਵੱਲੋਂ ਜਥੇਦਾਰਾਂ ਦੀਆਂ ਵਿਦੇਸ਼ਾਂ ਵਿੱਚ ਜਾਇਦਾਦਾਂ ਹੋਣ ਬਾਰੇ ਕੀਤੇ ਭੰਡੀ ਪ੍ਰਚਾਰ ਬਾਰੇ ਵੀ ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।
ਉਹਨਾਂ ਕਿਹਾ ਵਲਟੋਹਾ ਨੇ ਬੇਬੁਨਿਆਦ ਗੱਲਾਂ ਕੀਤੀਆਂ ਹਨ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀਤੇ ਉਨ੍ਹਾਂ ਦੇ ਦਾਅਵੇ ਵੀ ਝੂਠ ਨਿਕਲੇ ਹਨ।
ਜਥੇਦਾਰ ਅਕਾਲ ਤਖ਼ਤ ਨੇ ਕਿਹਾ ਕਿ ਵਲਟੋਹਾ ਨੇ ਆਪਣੇ ਬਿਆਨਾਂ ਅਤੇ ਗੱਲਬਾਤ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਨਾਲ ਤਖ਼ਤ ਸਾਹਿਬਾਨ ਦੇ ਅਕਸ ਨੂੰ ਵੀ ਢਾਹ ਲੱਗੀ ਹੈ।
ਸਿੰਘ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਆਦੇਸ਼ ਦਿੱਤਾ ਹੈ ਕਿ ਉਹ 24 ਘੰਟਿਆਂ ਦੇ ਅੰਦਰ ਅੰਦਰ ਵਲਟੋਹਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 10 ਸਾਲ ਲਈ ਕੱਢੇ ਅਤੇ ਇਸ ਸਮੇਂ ਲਈ ਉਸ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਨੇ ਫ਼ੈਸਲਾ ਲਿਆ ਹੈ ਕਿ ਅਜੇ ਤਖ਼ਤ ਸਾਹਿਬ ਵੱਲੋਂ ਕੋਈ ਹੋਰ ਸਖ਼ਤ ਐਕਸ਼ਨ ਵਲਟੋਹਾ ਦੇ ਖ਼ਿਲਾਫ਼ ਨਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਆਦੇਸ਼ ਕੀਤਾ ਜਾਵੇ ਪਰ ਜੇ ਅਜੇ ਵੀ ਵਲਟੋਹਾ ਬਾਜ਼ ਨਾ ਆਇਆ ਤਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ’ਤੇ ਵਲਟੋਹਾ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਸਨ। ਉਨ੍ਹਾਂ ਕਿਹਾ ਕਿ ਉਹਨਾ ’ਤੇ ਦੋਸ਼ ਲਗਾਇਆ ਗਿਆ ਕਿ 19 ਮਾਰਚ, 2023 ਨੂੰ ਉਹ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਦਿੱਲੀ ਸਥਿਤ ਗ੍ਰਹਿ ਵਿਖੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੂੰ ਮਿਲੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਸਾ ਨਾ ਤਾਂ ਪੰਥ ਵਿੱਚੋਂ ਛੇਕੇ ਹੋਏ ਹਨ ਅਤੇ ਨਾ ਹੀ ਤਨਖ਼ਾਹੀਆ ਹਨ। ਇਸ ਲਈ ਉਨ੍ਹਾਂ ਨੂੰ ਮਿਲਣਾ ਕੋਈ ਗੁਨਾਹ ਨਹੀਂ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਮੇਰੇ ਵੱਲੋਂ ‘ਦਿੱਲੀ ਵਾਲਿਆਂ ਨਾਲ ਮੇਰੀ ਯਾਰੀ’ ਵਾਲੇ ਬਿਆਨ ਨੂੰ ਵੀ ਗੈਰ ਜ਼ਰੂਰੀ ਤੌਰ ’ਤੇ ਉਛਾਲ ਕੇ ਗ਼ਲਤ ਸੰਦਰਭ ਵਿੱਚ ਪੇਸ਼ ਕੀਤਾ ਗਿਆ ਜਦਕਿ ਇਹ ਗੱਲ ਮੈਂ ਗਿਆਨੀ ਰਣਜੀਤ ਸਿੰਘ ਨਾਲ ਕੀਤੀ ਸੀ ਨਾ ਕਿ ਕਿਸੇ ਸਰਕਾਰ ਬਾਰੇ।
ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਵਿੱਚ ਮੈਨੂੰ ਮਿਲਣ ਆਏ ਤਾਂ ਉਹ ਗੱਲ ਵੀ ਜਨਤਕ ਸੀ ਪਰ ਇਸ ਨੂੰ ਲੈ ਕੇ ਵੀ ਵਲਟੋਹਾ ਨੇ ਮੇਰੇ ਖ਼ਿਲਾਫ਼ ਪ੍ਰਚਾਰ ਕੀਤਾ ਜਦਕਿ ਮੈਂ ਉਸਤੋਂ ਦੂਜੇ ਹੀ ਦਿਨ ਇੱਕ ਪੱਤਰਕਾਰ ਸੰਮੇਲਨ ਕਰਕੇ ਸਭ ਕੁਝ ਸੰਗਤਾਂ ਸਾਹਮਣੇ ਰੱਖਿਆ ਸੀ।
ਉਹਨਾਂ ਕਿਹਾ ਕਿ ਮੇਰੇ ਅਕਾਲੀ ਦਲ ਦੇ ਪ੍ਰਧਾਨ ਬਣਨ ਬਾਰੇ ਵੀ ਪਰਮਿੰਦਰ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਿਆਨਾਂ ਦੇ ਆਧਾਰ ’ਤੇ ਮੇਰੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਪਰ ਜੇ ਕੋਈ ਮੇਰਾ ਨਾਂਅ ਲੈਂਦਾ ਹੈ ਤਾਂ ਉਸ ਵਿੱਚ ਮੇਰਾ ਕੀ ਕਸੂਰ ਹੈ। ਜੇ ਕੋਈ ਮੈਨੂੰ ਪ੍ਰਧਾਨ ਬਣਾਉਣ ਦੀ ਗੱਲ ਕਰਦਾ ਹੈ ਤਾਂ ਉਸ ਵਿੱਚ ਮੈਂ ਕੀ ਕਹਿ ਸਕਦਾ ਹਾਂ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੀ.ਆਈ.ਐੱਸ.ਐਫ. ਦੀ ਸਕਿਉਰਿਟੀ ਮਿਲਣ ਬਾਰੇ ਵੀ ਗ਼ਲਤ ਟਿੱਪਣੀਆਂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਵਲਟੋਹਾ ਕੋਈ ਜੁਆਬ ਨਹੀਂ ਦੇ ਸਕੇ।