ਯੈੱਸ ਪੰਜਾਬ
ਸਮਰਾਲਾ, 10 ਅਗਸਤ, 2024:
ਪੰਜਾਬ ਵਿੱਚ ਟੈਕਸੀ ਇੱਕ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਘਟਨਾ ਸਨਿਚਰਵਾਰ ਤੜਕੇ ਸਮਰਾਲਾ ਦੇ ਪਿੰਡ ਹਰਿਆਉਂ ਵਿਖ਼ੇ ਵਾਪਰੀ। ਮ੍ਰਿਤਕ ਟੈਕਸੀ ਡਰਾਈਵਰ ਦੀ ਪਛਾਣ ਚੰਡੀਗੜ੍ਹ ਦੇ ਰਹਿਣ ਵਾਲੇ ਰਵੀ ਕੁਮਾਰ ਵਜੋਂ ਹੋਈ ਹੈ।
ਰਵੀ ਕੁਮਾਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਪਿਛਲੇ 3-4 ਮਹੀਨੇ ਤੋਂ ਟੈਕਸੀ ਚਲਾ ਰਿਹਾ ਸੀ ਅਤੇ ਉਸਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਰਵੀ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕੱਲਾ ਬੇਟਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਹੀ ਉਸਦਾ ਫ਼ੋਨ ਆਇਆ ਸੀ ਕਿ ਉਸਨੂੰ ਚੰਡੀਗੜ੍ਹ ਤੋਂ ਲੁਧਿਆਣਾ ਜਾਣ ਲਈ ਸੁਆਰੀ ਮਿਲੀ ਹੈ ਪਰ ਸਵੇਰੇ ਲਗਪਗ 4 ਵਜੇ ਉਸਦਾ ਫ਼ੋਨ ਆਇਆ ਕਿ ਉਸਨੂੰ ਗੋਲੀ ਮਾਰ ਦਿੱਤੀ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਉਸਨੂੰ ਲੋਕੇਸ਼ਨ ਭੇਜਣ ਲਈ ਕਿਹਾ ਤਾਂ ਉਸਨੇ ਆਪਣੇ ਫ਼ੋਨ ਤੋਂ ਲੋਕੇਸ਼ਨ ਵੀ ਪਰਿਵਾਰ ਨੂੰ ਭੇਜੀ ਜਿਸ ’ਤੇ ਪਰਿਵਾਰ ਘਟਨਾ ਵਾਲੀ ਥਾਂ ’ਤੇ ਪੁੱਜਾ ਪਰ ਤਦ ਤਕ ਰਵੀ ਕੁਮਾਰ ਦਮ ਤੋੜ ਚੁੱਕਾ ਸੀ। ਉਸਦੀ ਲਾਸ਼ ਸੜਕ ਕੰਢੇ ਪਈ ਮਿਲੀ। ਲੁਟੇਰੇ ਰਵੀ ਕੁਮਾਰ ਦੀ ਟੈਕਸੀ ਲੈ ਕੇ ਫ਼ਰਾਰ ਹੋਏ ਦੱਸੇ ਜਾਂਦੇ ਹਨ।
ਇਸ ਸੰਬੰਧ ਵਿੱਚ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਜਾਂ ਮ੍ਰਿਤਕ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ।