ਯੈੱਸ ਪੰਜਾਬ
ਚੰਡੀਗੜ੍ਹ, 16 ਨਵੰਬਰ, 2024
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਰਾਜ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖ਼ਬੀਰ ਸਿੰਘ ਬਾਦਲ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਦਿੰਦਿਆਂ ਦੱਸਿਆ ਕਿ ਸੁਖ਼ਬੀਰ ਬਾਦਲ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ ਤਾਂ ਜੋ ਪਾਰਟੀ ਦੇ ਅਗਲੇ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਹੋ ਸਕੇ। ਡਾ: ਚੀਮਾ ਅਨੁਸਾਰ ਸੁਖ਼ਬੀਰ ਬਾਦਲ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਉਣ ਅਤੇ ਉਨ੍ਹਾਂ ਦੇ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਉਨ੍ਹਾਂਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ ਹੈ।
ਭਾਵੇਂ ਇਹ ਸਮਝਿਆ ਜਾਂਦਾ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਐਲਾਨ ਦਿੱਤੇ ਜਾਣ ਮਗਰੋਂ ਹੀ ਸੁਖ਼ਬੀਰ ਬਾਦਲ ਦਾ ਇਹ ਅਸਤੀਫ਼ਾ ਆਇਆ ਹੈ ਪਰ ਡਾ: ਦਲਜੀਤ ਸਿੰਘ ਚੀਮਾ ਨੇ ਇਸ ਅਸਤੀਫ਼ੇ ਦੀ ਵਿਆਖ਼ਿਆ ਕਰਦਿਆਂ ਕਿਹਾ ਹੈ ਕਿ ਦਸੰਬਰ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਹੀ ਸੁਖ਼ਬੀਰ ਬਾਦਲ ਨੇ ਅਸਤੀਫ਼ਾ ਦਿੱਤਾ ਹੈ।
ਯਾਦ ਰਹੇ ਕਿ ਅਕਾਲੀ ਦਲ ਦੇ ਬਾਗੀ ਆਗੂਆਂ ਵੱਲੋਂ, ਜਿਹੜੇ ਹੁਣ ਅਕਾਲੀ ਦਲ ਸੁਧਾਰ ਲਹਿਰ ਦੇ ਝੰਡੇ ਹੇਠ ਵਿਚਰ ਰਹੇ ਹਨ, ਨੇ ਪਹਿਲੀ ਜੁਲਾਈ 2024 ਨੂੰ ਅਕਾਲ ਤਖ਼ਤ ਵਿਖ਼ੇ ਸ਼ਿਕਾਇਤ ਦਿੱਤੀ ਸੀ ਜਿਸ ਦੇ ਚੱਲਦਿਆਂ ਸੁਖ਼ਬੀਰ ਬਾਦਲ ਨੂੰ ਤਲਬ ਕੀਤਾ ਗਿਆ ਸੀ ਅਤੇ ਬਾਅਦ ਵਿੱਚ 30 ਅਗਸਤ ਨੂੰ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਇਸ ਦੌਰਾਨ ਸੁਖ਼ਬੀਰ ਬਾਦਲ ਵੱਲੋਂ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ ਪਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਬਰਕਰਾਰ ਰਹੀ ਅਤੇ ਜ਼ੋਰ ਸ਼ੋਰ ਨਾਲ ਉਠਾਈ ਜਾਂਦੀ ਰਹੀ।
ਅਕਾਲੀ ਦਲ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਦੀ ਸ਼ਾਦੀ ਹੈ ਅਤੇ ਇਸ ਲਈ ਸੁਖ਼ਬੀਰ ਸਿੰਘ ਬਾਦਲ ਦੀ ਤਨਖ਼ਾਹ ਬਾਰੇ ਫ਼ੈਸਲਾ ਹੋ ਜਾਣਾ ਚਾਹੀਦਾ ਹੈ ਪਰ ਸਿੰਘ ਸਾਹਿਬਾਨ ਨੇ ਇਸ ਮਾਮਲੇ ਵਿੱਚ ਪੰਥਕ ਵਿਦਵਾਨਾਂ ਤੇ ਬੁੱਧੀਜੀਵੀਆਂ ਤੇ ਹੋਰਨਾਂ ਦੀ ਮੀਟਿੰਗ ਸੱਦ ਕੇ ਇਸ ਮੁੱਦੇ ’ਤੇ ਰਾਏ ਲਈ ਪਰ ਅਜੇ ਫ਼ੈਸਲਾ ਆਉਣਾ ਬਾਕੀ ਹੈ। ਇਸ ਤੋਂ ਇਲਾਵਾ 13 ਨਵੰਬਰ ਨੂੰ ਮੁੜ ਸੁਖ਼ਬੀਰ ਬਾਦਲ ਅਕਾਲ ਤਖ਼ਤ ’ਤੇ ਪੇਸ਼ ਹੋਏ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਦਾ ਅਮਲ ਛੇਤੀ ਨਿਬੇੜਨ ਦੀ ਬੇਨਤੀ ਕੀਤੀ ਸੀ।
ਇਸ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਨੇ ਸੁਖ਼ਬੀਰ ਸਿੰਘ ਬਾਦਲ ਦੇ ਅਸਤੀਫ਼ੇ ’ਤੇ ਫ਼ੈਸਲਾ ਲੈਣ ਲਈ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੋਮਵਾਰ 18 ਨਵੰਬਰ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖ਼ੇ ਦੁਪਹਿਰ 12 ਵਜੇ ਸੱਦੀ ਹੈ।
ਵੇਖ਼ਣਾ ਹੋਵੇਗਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਸੁਖ਼ਬੀਰ ਬਾਦਲ ਦੇ ਅਸਤੀਫ਼ੇ ’ਤੇ ਕੀ ਫ਼ੈਸਲਾ ਲੈਂਦੀ ਹੈ ਇਹ ਗੱਲ ਸੋਮਵਾਰ ਦੁਪਹਿਰ ਨੂੰ ਪਾਰਟੀ ਦੀ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆਵੇਗਾ।