ਯੈੱਸ ਪੰਜਾਬ
ਫਾਜ਼ਿਲਕਾ, 5 ਜਨਵਰੀ, 2025
Fazilka ਦੇ SSP ਸ Varinder Singh Brar ਨੇ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਜਿਸ ਦੇ ਤਹਿਤ ਉਹ ਜਦੋਂ ਕਿਸੇ ਸਮਾਗਮ ਵਿੱਚ ਸ਼ਿਰਕਤ ਕਰਨ ਜਾਂਦੇ ਹਨ ਤਾਂ ਉੱਥੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪੁਸਤਕਾਂ ਭੇਂਟ ਕਰਦੇ ਹਨ। ਅਬੋਹਰ ਵਿਖੇ ਇੱਕ ਸ਼ੂਟਿੰਗ ਰੇਂਜ ਵਿੱਚ ਹੋਏ ਸਮਾਗਮ ਦੌਰਾਨ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਪੁਰਸਕਾਰ ਦੇਣ ਦੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਵਿਦਿਆਰਥੀ ਅਤੇ ਖਿਡਾਰੀਆਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਭੇਂਟ ਕੀਤੀਆਂ।
SSP Varinder Singh Brar ਆਖਦੇ ਹਨ ਕਿ ਕਿਤਾਬਾਂ ਚਰਿਤਰ ਨਿਰਮਾਣ ਅਤੇ ਸ਼ਖਸ਼ੀਅਤ ਉਸਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਉਹਨਾਂ ਕਿਹਾ ਕਿ ਜਦ ਅਸੀਂ ਵਿਦਿਆਰਥੀਆਂ ਅਤੇ ਸਾਡੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਾਂਗੇ ਤਾਂ ਅਜਿਹਾ ਕਰਦੇ ਹੋਏ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਭੂਮਿਕਾ ਨਿਭਾ ਰਹੇ ਹੋਵਾਂਗੇ।
ਉਹਨਾਂ ਨੇ ਕਿਹਾ ਕਿ ਸਾਡੇ ਵਿਦਿਆਰਥੀ ਸਾਡਾ ਭਵਿੱਖ ਹਨ ਅਤੇ ਚੰਗੀਆਂ ਕਿਤਾਬਾਂ ਨਾਲ ਜੁੜ ਕੇ ਉਹ ਚੰਗੇ ਨਾਗਰਿਕ ਵਜੋਂ ਸਮਾਜ ਵਿੱਚ ਵਿਚਰਨਗੇ । ਐਸਐਸਪੀ ਨੇ ਆਖਿਆ ਕਿ ਕਿਤਾਬ ਨੂੰ ਉਪਹਾਰ ਵਜੋਂ ਦੇਣ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਕਿਤਾਬ ਨੂੰ ਜਿੱਥੇ ਉਪਹਾਰ ਪ੍ਰਾਪਤ ਕਰਨ ਨਾਲ ਵਾਲਾ ਵਿਦਿਆਰਥੀ ਜਾਂ ਨੌਜਵਾਨ ਪੜ੍ਹਦਾ ਹੈ ਉੱਥੇ ਹੀ ਉਸਦੇ ਪਰਿਵਾਰ ਦੇ ਲੋਕ ਵੀ ਇਸ ਨੂੰ ਪੜ੍ਹ ਸਕਦੇ ਹਨ। ਇਸ ਤੋਂ ਬਿਨਾਂ ਇੱਕ ਕਿਤਾਬ ਲਗਾਤਾਰ ਤੁਹਾਡੇ ਘਰ ਵਿੱਚ ਹਾਜ਼ਰ ਰਹਿੰਦੀ ਹੈ ਤਾਂ ਉਸ ਨੂੰ ਬਾਅਦ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਆਖਿਆ ਕਿ ਨੌਜਵਾਨ ਜਦ ਚੰਗੀਆਂ ਕਿਤਾਬਾਂ ਨਾਲ ਸਾਂਝ ਪਾਉਣਗੇ ਤਾਂ ਉਨਾਂ ਦੀ ਸ਼ਖਸ਼ੀਅਤ ਵਿੱਚ ਨਿਖਾਰ ਆਵੇਗਾ। ਉਹਨਾਂ ਨੇ ਕਿਹਾ ਕਿ ਕਿਤਾਬਾਂ ਸਾਡੇ ਮਨੋਬਲ ਨੂੰ ਵੀ ਵਧਾਉਂਦੀਆਂ ਹਨ ਅਤੇ ਚੰਗੇ ਮਾੜੇ ਦਾ ਫਰਕ ਵੀ ਸਮਝਾਉਂਦੀਆਂ ਹਨ। ਉਹਨਾਂ ਨੇ ਆਖਿਆ ਕਿ ਜਦੋਂ ਸਾਡੇ ਨੌਜਵਾਨ ਚੰਗੇ ਮਾੜੇ ਦੇ ਫਰਕ ਨੂੰ ਸਮਝ ਕੇ ਇੱਕ ਆਦਰਸ ਸਮਾਜ ਸਿਰਜਣ ਪ੍ਰਤੀ ਸੁਚੇਤ ਹੋਣਗੇ ਤਾਂ ਸਾਡਾ ਸਮਾਜ ਅਪਰਾਧ ਅਤੇ ਨਸ਼ਿਆਂ ਤੋਂ ਮੁਕਤ ਹੋਵੇਗਾ।