ਯੈੱਸ ਪੰਜਾਬ
ਜਲੰਧਰ, 15 ਅਪ੍ਰੈਲ, 2025
Jalandhar ਦੀ Sri Guru Ramdas Market ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਜਲੰਧਰ ਵਿੱਚ ਕਪੂਰਥਲਾ ਚੌਕ ਵਿੱਚ ਸਥਿਤ ਸ੍ਰੀ ਗੁਰੂ ਰਾਮਦਾਸ ਮਾਰਕੀਟ ਵਿੱਚ ਠੇਕਾ ਖੁਲ੍ਹਣ ਦੀ ਖ਼ਬਰ ਮਿਲਦਿਆਂ ਹੀ ਦੁਕਾਨਦਾਰਾਂ ਅਤੇ ਹੋਰ ਜਥੇਬਦੀਆਂ ਵਿੱਚ ਰੋਹ ਫ਼ੈਲ ਗਿਆ ਅਤੇ ਇਸ ਦਾ ਭਰਪੂਰ ਵਿਰੋਧ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਐਕਸਾਈਜ਼ ਵਿਭਾਗ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਠੇਕੇ ਦੇ ਮਾਲਕਾਂ ਨੂੰ ਠੇਕਾ ਕਿਤੇ ਹੋਰ ਤਬਦੀਲ ਕਰਨ ਲਈ ਆਦੇਸ਼ ਜਾਰੀ ਕੀਤੇ ਜਾਣ।
ਡਾ: ਇੰਦਰਜੀਤ ਸਿੰਘ ਮਰਵਾਹਾ, ਡਾ: ਰਮੇਸ਼ ਸ਼ਰਮਾ ਅਤੇੇ ਸ: ਹਰਵਿੰਦਰ ਸਿੰਘ ਡਿੰਪਲ ਆਦਿ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ ਬਣੀ ਇਸ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਹੋਣਾ ਜਿੱਥੇ ਧਾਰਮਿਕ ਤੌਰ ’ਤੇ ਸਹੀ ਨਹੀਂ ਹੋਵੇਗਾ ਉੱਥੇ ਹੀ ਇਸ ਮਾਰਕੀਟ ਵਿੱਚ ਬਣੇ ਰੈਸਟੋਰੈਂਟਾਂ, ਸਕੈਨਿੰਗ ਸੈਂਅਰ, ਡੈਂਟਲ ਕਲੀਨਿਕ ਅਤੇ ਹੋਰ ਆਮ ਲੋਕਾਂ ਦੀ ਆਵਾਜਾਈ ਵਾਲੇ ਕੰਮ, ਜਿੱਥੇ ਮਹਿਲਾਵਾਂ ਅਤੇ ਪਰਿਵਾਰਾਂ ਦਾ ਆਉਣ ਜਾਣ ਰਹਿੰਦਾ ਹੈ, ਉੱਥੇ ਦੁਕਾਨਦਾਰਾਂ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਠੇਕਾ ਬੰਦ ਨਾ ਕੀਤਾ ਗਿਆ ਤਾਂ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ।
ਉਹਨਾਂ ਨੇ ਠੇਕਾ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਦਾਰਾਂ ਅਤੇ ਜਥੇਬੰਦੀਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰਨ ਤਾਂ ਜੋ ਕੋਈ ਅਣਸੁਖ਼ਾਵੀਂ ਸਥਿਤੀ ਪੈਦਾ ਨਾ ਹੋਵੇ।
ਮਾਰਕੀਟ ਦੇ ਨੁਮਾਇੰਦਿਆਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੇ ਨਾਂਅ ’ਤੇ ਬਣੀ ਇਸ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਖੁਲ੍ਹਣ ਦੇ ਸੰਬੰਧ ਵਿੱਚ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਬੰਧਤ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਕਿਸੇ ਵੀ ਕੀਮਤ ’ਤੇ ਇਸ ਮਾਰਕੀਟ ਵਿੱਚ ਠੇਕਾ ਚੱਲਣ ਨਹੀਂ ਦਿੱਤਾ ਜਾਵੇਗਾ।