ਯੈੱਸ ਪੰਜਾਬ
ਫਰੀਦਕੋਟ , ਜੁਲਾਈ 29, 2024:
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਜਿੱਥੇ ਸਮੇਂ ਸਮੇਂ ਤੋ ਲੋਕ ਮਿਲਣੀ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਹਨ, ਉੱਥੇ ਉਨ੍ਹਾਂ ਵੱਲੋਂ ਬੀਤੀ ਸ਼ਾਮ ਖੁਦ ਫੀਲਡ ਵਿੱਚ ਜਾ ਕੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਮਰੀਜਾਂ ਦਾ ਹਾਲ-ਚਾਲ ਜਾਣਿਆ ਗਿਆ।
ਇਸ ਮੌਕੇ ਸ. ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਮੰਤਵ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਸੂਬੇ ਦੇ ਲੋਕ ਸਿਹਤਮੰਦ ਜੀਵਨ ਜੀਅ ਸਕਣ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਯੂਰੋਲੋਜੀ, ਰੋਬੋਟਿਕਸ ਅਤੇ ਕਿਡਨੀ ਟਰਾਂਸਪਲਾਟ ਵਿਭਾਗ ਦਾ ਅਚਨਚੇਤ ਦੌਰਾ ਕੀਤਾ ਅਤੇ ਉੱਥੇ ਦਾਖਲ ਮਰੀਜਾਂ ਦਾ ਹਾਲ ਚਾਲ ਪੁੱਛਿਆ।
ਉਨ੍ਹਾਂ ਦੱਸਿਆ ਕਿ ਮਰੀਜਾਂ ਵੱਲੋਂ ਇਲਾਜ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਆਈਸੋਲੇਸ਼ਨ ਵਾਰਡ ਦਾ ਵੀ ਜਾਇਜਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਹਰ ਪੱਖੋਂ ਬੁਨਿਆਦੀ ਸਹੂਲਤਾਂ ਨਾਲ ਲੈੱਸ ਹਸਪਤਾਲ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੈਡੀਕਲ ਹਸਪਤਾਲ ਵਿੱਚ ਫਰੀਦਕੋਟ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਮੈਡੀਕਲ ਹਸਪਤਾਲ ਵਿੱਚ ਏ.ਸੀ ਸਬੰਧੀ ਕੁਝ ਸ਼ਿਕਾਇਤਾਂ ਆਈਆਂ ਸਨ, ਜਿੰਨਾ ਨੂੰ ਤੁਰੰਤ ਪ੍ਰਭਾਵ ਦੂਰ ਕਰਦੇ ਹੋਏ ਨਵੇਂ ਏ.ਸੀ ਲਗਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਗੇ ਵੀ ਸਮੇਂ ਸਮੇਂ ਤੇ ਮੈਡੀਕਲ ਹਸਪਤਾਲ ਦੇ ਅਚਨਚੇਤ ਦੌਰੇ ਜਾਰੀ ਰਹਿਣਗੇ।
ਇਸ ਤੋਂ ਪਹਿਲਾਂ ਸ. ਸੰਧਵਾਂ ਪਿੰਡ ਢਿੱਲਵਾਂ ਕਲਾਂ ਵਿਖੇ ਸੋਢੀ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਸਨ।