ਸਕਰੀਨ ਦੀ ਸੇਵਾ ਦੁਬਈ ਵਾਸੀ ਜਸਪ੍ਰੀਤ ਸਿੰਘ ਓਬਰਾਏ ਦੇ ਪਰਿਵਾਰ ਨੇ ਕਰਵਾਈ

ਯੈੱਸ ਪੰਜਾਬ
ਅੰਮ੍ਰਿਤਸਰ, 24 ਅਕਤੂਬਰ, 2023
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਮਾਰਗ ’ਤੇ ਗੁਰਦੁਆਰਾ ਸਾਰਾਗੜ੍ਹੀ ਨਜ਼ਦੀਕ ਇਕ ਵੱਡ-ਅਕਾਰੀ ਸਕਰੀਨ ਸਥਾਪਤ ਕੀਤੀ ਹੈ, ਜਿਸ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਚਲਾਇਆ ਜਾਵੇਗਾ। ਇਸ ਸਕਰੀਨ ਦੀ ਸੇਵਾ ਦੁਬਈ ਵਾਸੀ ਸ. ਜਸਪ੍ਰੀਤ ਸਿੰਘ ਓਬਰਾਏ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ।

ਅੱਜ ਇਸ ਸਕਰੀਨ ਦਾ ਉਦਘਾਟਨ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਪੁੱਜਦੀ ਸੰਗਤ ਨੂੰ ਇਸ ਪਾਵਨ ਅਸਥਾਨ ਦੇ ਚੌਗਿਰਦੇ ਵਿਚ ਪੁੱਜਣ ਮੌਕੇ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ।

ਇਸੇ ਨੂੰ ਦੇਖਦਿਆਂ ਪਿਛਲੀ ਅਕਾਲੀ ਦਲ ਦੀ ਸਰਕਾਰ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਰਸਤੇ ’ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ, ਜਿਥੇ ਗੁਰਬਾਣੀ ਕੀਰਤਨ ਚੱਲਦਾ ਸੀ। ਪਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਸਕਰੀਨਾਂ ’ਤੇ ਆਪਣੀਆਂ ਮਸ਼ਹੂਰੀਆਂ ਚਲਾ ਰਹੀ ਹੈ।

ਐਡਵੋਕੇਟ ਧਾਮੀ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਕਰਦਿਆਂ ਕਿਹਾ ਕਿ ਇਹ ਸਰਕਾਰ ਸਿੱਖ ਮਸਲਿਆਂ ਪ੍ਰਤੀ ਬਿਲਕੁਲ ਸੰਜੀਦਾ ਨਹੀਂ ਹੈ, ਜਿਸ ਕਾਰਨ ਸਿੱਖਾਂ ਅੰਦਰ ਰੋਸ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਹੁੰਦਿਆਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਅਤੇ ਇਸੇ ਤਹਿਤ ਹੀ ਸ੍ਰੀ ਦਰਬਾਰ ਸਾਹਿਬ ਦੇ ਰਸਤੇ ’ਤੇ ਗੁਰਬਾਣੀ ਪ੍ਰਵਾਹ ਲਈ ਸਕਰੀਨਾਂ ਲਗਾਉਣ ਦਾ ਕਾਰਜ ਸ਼ੂਰੂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਫਿਲਹਾਲ ਇਕ ਸਕਰੀਨ ਸਥਾਪਤ ਕੀਤੀ ਗਈ ਹੈ ਅਤੇ ਜਲਦ ਹੀ ਇਸ ਦੇ ਵਿਸਥਾਰ ਤਹਿਤ ਹੋਰ ਸਕਰੀਨਾਂ ਵੀ ਲਗਾਈਆਂ ਜਾਣਗੀਆਂ, ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਹੋਵੇਗਾ। ਉਨ੍ਹਾਂ ਸਕਰੀਨ ਦੀ ਸੇਵਾ ਕਰਨ ਵਾਲੇ ਓਬਰਾਏ ਪਰਿਵਾਰ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਭਾਈ ਹਰਪਾਲ ਸਿੰਘ ਜੱਲਾ, ਸ. ਅਮਰੀਕ ਸਿੰਘ ਵਿਛੋਆ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਨਿਸ਼ਾਨ ਸਿੰਘ ਸੁਪਰਡੈਂਟ, ਸੀਸੀਟੀਵੀ ਇੰਚਾਰਜ ਸ. ਸਾਹਬ ਸਿੰਘ ਆਦਿ ਮੌਜੂਦ ਸਨ।

ਫੋਟੋ ਕੈਪਸ਼ਨ: ਗੁਰਦੁਆਰਾ ਸਾਰਾਗੜ੍ਹੀ ਸਾਹਿਬ ਨਜ਼ਦੀਕ ਗੁਰਬਾਣੀ ਪ੍ਰਵਾਹ ਲਈ ਵੱਡ-ਅਕਾਰੀ ਸਕਰੀਨ ਸੰਗਤ ਅਰਪਨ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਹੋਰ।

CLICK HERE to Subscribe to YesPunjab WhatsApp Channel & receive Important News Updates