ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 20, 2024:
ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਦੁਆਰਾ ਪਿਛਲੇ ਹਫਤੇ ਕੀਤੇ ਦਾਅਵੇ ਕਿ ਸਪਰਿੰਗਫੀਲਡ,ਓਹੀਓ, ਵਿਚ ਹੈਤੀਅਨ ਲੋਕ ਸਥਾਨਕ ਲੋਕਾਂ ਦੇ ਪਾਲਤੂ ਕੁੱਤੇ ਤੇ ਬਿੱਲੀਆਂ ਚੋਰੀ ਕਰਕੇ ਖਾ ਰਹੇ ਹਨ, ਤੋਂ ਬਾਅਦ ਪੈਦਾ ਹੋਏ ਅਣਸੁਖਾਵੇਂ ਹਾਲਾਤ ਦੇ ਮੱਦੇਨਜਰ ਬੰਦ ਕਰ ਦਿੱਤੇ ਗਏ ਸਕੂਲ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਮੁੜ ਖੋਲ ਦਿੱਤੇ ਗਏ ਹਨ।
ਹਾਲਾਂ ਕਿ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ ਪਰੰਤੂ ਹੈਤੀਅਨ ਪ੍ਰਵਾਸੀਆਂ ਦੀਆਂ ਰੋਜਾਨਾ ਦੀਆਂ ਗਤੀਵਿਧੀਆਂ ਰੁਕ ਗਈਆਂ ਸਨ।
ਓਹੀਓ ਦੇ ਰਿਪਬਲੀਕਨ ਗਵਰਨਰ ਮਾਈਕ ਡੇਵਾਈਨ ਨੇ ਕਿਹਾ ਹੈ ਕਿ ਸਪਿਰੰਗਫੀਲਡ ਜਿਥੇ ਪਿਛਲੇ ਹਫਤੇ ਤੋਂ ਲੈ ਕੇ ਬੰਬ ਧਮਾਕਿਆਂ ਦੀਆਂ ਦਰਜਨਾਂ ਧਮਕੀਆਂ ਮਿਲੀਆਂ ਹਨ, ਦੇ ਸਕੂਲਾਂ ਵਿਚ ਵਧਾਈ ਗਈ ਸੁਰੱਖਿਆ ਤਹਿਤ ਰਾਜ ਦੇ ਜਵਾਨ, ਟਾਵਰ ਕੈਮਰੇ ਤੇ ਬੰਬ ਸੁੰਘਣ ਵਾਲੇ ਕੁੱਤੇ ਤਾਇਨਾਤ ਕੀਤੇ ਗਏ ਹਨ।
ਟਰੰਪ ਦੇ ਦਾਅਵੇ ਤੋਂ ਬਾਅਦ ਹੈਤੀਅਨ ਪ੍ਰਵਾਸੀਆਂ ਬਾਰੇ ਅਫਵਾਹਾਂ ਨੂੰ ਗਵਰਨਰ ਨੇ ਮੁਕੰਮਲ ਰੂਪ ਵਿਚ ਰੱਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਹੈਤੀਅਨ ਬਹੁਤ ਮਿਹਨਤੀ ਹਨ ਤੇ ਸਾਨੂੰ ਉਨਾਂ ਦੀ ਲੋੜ ਹੈ।
ਰਿਪਬਲੀਕਨ ਮੇਅਰ ਰਾਬ ਰੂ ਅਨੁਸਾਰ ਦੱਖਣ ਪੱਛਮੀ ਓਹੀਓ ਦੇ ਸ਼ਹਿਰ ਸਪਰਿੰਗਫੀਲਡ ਦੀ ਆਬਾਦੀ 60 ਹਜਾਰ ਦੇ ਆਸ ਪਾਸ ਹੈ ਤੇ ਇਹ ਸ਼ਹਿਰ ਸਿਨਸਿਨਾਟੀ ਤੋਂ ਤਕਰੀਬਨ 80 ਮੀਲ ਦੂਰ ਉੱਤਰ ਵਿਚ ਸਥਿੱਤ ਹੈ। ਪਿਛਲੇ 3 ਸਾਲਾਂ ਦੌਰਾਨ ਹੈਤੀਅਨ ਪ੍ਰਵਾਸੀਆਂ ਦੀ ਆਮਦ ਕਾਰਨ ਇਸ ਦੀ ਆਬਾਦੀ ਵਿਚ 25% ਵਾਧਾ ਹੋਇਆ ਹੈ।