ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 29, 2024:
ਇੰਡੋ ਅਮਰੀਕਨ ਕਲਚਰ ਆਰਗਨਾਈਜੇਸ਼ਨ ਕੈਲੀਫੋਰਨੀਆ ਵੱਲੋਂ ਸੈਕਰਾਮੈਂਟੋ ਵਿੱਚ ਗਦਰੀ ਬਾਬਿਆਂ ਨੂੰ ਸਮਰਪਿਤ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਗਦਰੀ ਬਾਬਿਆਂ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੱਭਿਆਚਾਰਕ ਗੀਤ ਸੰਗੀਤ ਤੇ ਦੇਸ਼ ਭਗਤੀ ਦੇ ਪ੍ਰੋਗਰਾਮ ਦੇਖਣ ਨੂੰ ਮਿਲੇ ਐਤਕਾਂ ਇਹ ਮੇਲਾ ਅਬਦੁੱਲ ਨਾਹਲਬੰਦ ਬੂਟਾ ਸਿੰਘ ਕਸੇਲ, ਭਗਤ ਸਿੰਘ ਰੂੜੀਵਾਲ, ਇੰਦਰ ਸਿੰਘ ਸਾਹਿਬਾਜਪੁਰ, ਹਰੀ ਸਿੰਘ ਢੋਟੀਆਂ ਨੂੰ ਸਮਰਪਿਤ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਦਾ ਆਯੋਜਨ ਸਟੋਕਟਨ ਬੁੱਲੇਵਾਡ ਤੇ ਸਥਿਤ ਐਸ ਸੀ ਐਸ ਹਾਲ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਦੀ ਫਰੀ ਐਂਟਰੀ ਦੇ ਨਾਲ ਨਾਲ ਲੰਗਰ ਦੀ ਸੁਵਿਧਾ ਵੀ ਕੀਤੀ ਗਈ ਸੀ। ਗੀਤ ਸੰਗੀਤ ਦੌਰਾਨ ਮਨਜੀਤ ਸਿੰਘ ਰੂਪੋਵਾਲੀਆ ਨੇ ਦੇਸ਼ ਭਗਤੀ ਦੇ ਗੀਤਾਂ ਦੇ ਨਾਲ ਨਾਲ ਸੱਭਿਆਚਾਰਕ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸ਼ਹੀਦਾਂ ਦੇਸ਼ ਭਗਤਾਂ ਤੇ ਗਦਰੀ ਬਾਬਿਆਂ ਦੀਆਂ ਜੀਵਨੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਇਹਨਾਂ ਬੁਲਾਰਿਆਂ ਵਿੱਚ ਕਸ਼ਮੀਰ ਸਿੰਘ ਕਾਂਗਣਾ, ਸੁਰਿੰਦਰ ਸਿੰਘ ਬਿੰਦਰਾ, ਗਿਆਨ ਸਿੰਘ ਬਿਲਗਾ ਡਾਕਟਰ ਸਵੈਮਾਨ ਸਿੰਘ ਦੇ ਪਿਤਾ ਜਸਵਿੰਦਰ ਪਾਲ ਸਿੰਘ ਉਹਨਾਂ ਦੀ ਮਾਤਾ ਸੁਰਿੰਦਰ ਕੌਰ ਤੇ ਉਹਨਾਂ ਦੇ ਭਰਾ ਸੰਗਰਾਮ ਸਿੰਘ ਨੇ ਆਪਣੇ ਆਪਣੇ ਵਿਚਾਰ ਰੱਖੇ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਥਾਨਕ ਢਾਡੀ ਗੁਰਨਾਮ ਸਿੰਘ ਭੰਡਾਲ ਦੇ ਜੱਥੇ ਨੇ ਢਾਡੀ ਵਾਰਾਂ ਰਾਹੀਂ ਸ਼ਹੀਦਾਂ ਦੀਆਂ ਵਾਰਾਂ ਗਾਈਆਂ। ਇਸ ਤੋਂ ਇਲਾਵਾ ਬੱਚਿਆਂ ਤੇ ਬੀਬੀਆਂ ਤੇ ਨੌਜਵਾਨਾਂ ਨੇ ਗਿੱਧੇ ਭੰਗੜੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ, ਇਸ ਤੋਂ ਇਲਾਵਾ ਪੰਮੀ ਮਾਨ, ਰਾਜ ਬਰਾੜ, ਸ਼ੇਰ ਗਿੱਲ ਤੇ ਪੂਨਮ ਕੌੜਾ ਨੇ ਸਟੇਜ ਤੋਂ ਗੀਤ ਸੁਣਾਏ।
ਇਸ ਪ੍ਰੋਗਰਾਮ ਤੋਂ ਪਹਿਲਾਂ ਪ੍ਰੋਫੈਸਰ ਮੌਲਵੀ ਬਰਕਤਤੁੱਲਾ ਜੋ ਕਿ ਉਸ ਵੇਲੇ ਅਫਗਾਨਿਸਤਾਨ ਵਿੱਚ ਗਦਰ ਪਾਰਟੀ ਦੇ ਮੀਤ ਪ੍ਰਧਾਨ ਸਨ,ਦੀ ਮਜ਼ਾਰ ਤੇ ਜੋ ਕਿ ਡਾਊਨ ਟਾਊਨ ਸੈਕਰਾਮੈਂਟੋ ਵਿੱਚ ਪੈਂਦੀ ਹੈ ਉੱਥੇ ਜਾ ਕੇ ਪ੍ਰਬੰਧਕਾਂ ਵੱਲੋਂ ਫੁੱਲ ਮਾਲਾ ਅਰਪਤ ਕੀਤੀਆਂ ਤੇ ਤੇ ਝੰਡੇ ਚੜਾਉਣ ਦੀ ਰਸਮ ਤੇ ਗਿਆਨ ਸਿੰਘ ਬਿਲਗਾ, ਪਾਲ ਬਿੰਦਰਾ, ਬਲਵੰਤ ਬਾਂਕਾ ਤੇ ਹੋਰ ਪ੍ਰਬੰਧਕਾਂ ਨੇ ਕੀਤੀ।