ਯੈੱਸ ਪੰਜਾਬ
ਗਿੱਦੜਬਾਹਾ, 24 ਅਕਤੂਬਰ, 2024:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦੇ ਜ਼ਿਮਨੀ ਚੋਣਾਂ ਦੀ ਪ੍ਰਕ੍ਰਿਆ ਤੋਂ ਲਾਂਭੇ ਰਹਿਣ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਆਦੇਸ਼ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਸਕ੍ਰਿਪਟਿਡ’ ਕਰਾਰ ਦਿੰਦਿਆਂ ਕਿਹਾ ਹੈ ਕਿ ਅਕਾਲ ਤਖ਼ਤ ਤੋਂ ਫ਼ੁਰਮਾਨ ਜਾਰੀ ਕਰਨ ਵਾਲੇ ਜਥੇਦਾਰ ਸੁਖ਼ਬੀਰ ਬਾਦਲ ਦੇ ਲੋਕ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਉਹ ਅਕਾਲ ਤਖ਼ਤ ਦਾ ਸਨਮਾਨ ਕਰਦੇ ਹਨ ਪਰ ‘ਉੱਥੇ ਬੈਠ ਕੇ ਜੋ ਮਰਜ਼ੀ ਤੈਅ ਕਰ ਲੈਂਦੇ ਹਨ।’ ਪੰਜਾਬ ਕਾਂਗਰਸ ਪ੍ਰਧਾਨ ਨੇ ਅਚਨਚੇਤ ਇੱਕ ਦਿਨ ਪਹਿਲਾਂ ਹੀ ਅਕਾਲੀ ਦਲ ਵੱਲੋਂ ਜਾ ਕੇ ਆਦੇਸ਼ ਲੈਣ ਦੀ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕੀਤੇ।
ਇੱਕ ਨਿੱਜੀ ਪੰਜਾਬੀ ਚੈਨਲ ‘ਨਿਊਜ਼ 18’ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਹੈ ਕਿ ਇਹ ਆਦੇਸ਼ ਭਾਰਤੀ ਜਨਤਾ ਪਾਰਟੀ ਦੇ ਗਿੱਦੜਬਾਹਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿਮਨੀ ਚੋਣ ਵਿੱਚ ਫ਼ਾਇਦਾ ਪੁਚਾਉਣ ਲਈ ਕੀਤਾ ਗਿਆ ਹੈ।
ਰਾਜਾ ਵੜਿੰਗ ਨੇ ਕਿਹਾ ਕਿ ‘ਮੇਰੀ ਸਮੱਸਿਆ ਬਾਦਲ ਪਰਿਵਾਰ ਨਾਲ ਨਹੀਂ ਹੈ, ਗੱਲ ਇਹ ਹੈ ਕਿ ਮੈਂ ਬਾਦਲ ਪਰਿਵਾਰ ਦੀਆਂ ਚਲਾਕੀਆਂ ਲੋਕਾਂ ਸਾਹਮਣੇ ਉਜਾਗਰ ਕਰ ਰਿਹਾ ਹਾਂ।’ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾਂ ਇੱਕ ਵੱਖਰਾ ਪ੍ਰਭਾਵ ਦੇਣ ਲਈ ਹਰਸਿਮਰਤ ਕੌਰ ਬਾਦਲ ਨੂੰ ਗਿੱਦੜਬਾਹਾ ਦਾ ਚੋਣ ਇੰਚਾਰਜ ਲਾਇਆ ਸੀ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਹਮੇਸ਼ਾ ਤੋਂ ਸੈਟਿੰਗਾਂ ਵਿੱਚ ਮਾਹਿਰ ਰਿਹਾ ਹੈ ਅਤੇ ਤਾਜ਼ਾ ਹਾਲਾਤ ਵੀ ਸੁਖ਼ਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਵਿਚਾਲੇ ਸੈਟਿੰਗ ਦਾ ਨਤੀਜਾ ਹੈ ਕਿਉਂਕਿ ਦੋਵੇਂ ਆਪਸ ਵਿੱਚ ਆਹਮੋ ਸਾਹਮਣੇ ਲੜਨਾ ਨਹੀਂ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਇੱਕ ‘ਪਲੈਨਿੰਗ’ ਦੇ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਦੋਹਾਂ ਨੂੰ ਇਹ ਸਮਝ ਹੈ ਕਿ ਦੋਵੇਂ ਆਪਸ ਵਿੱਚ ਆਹਮੋ ਸਾਹਮਣੇ ਲੜੇ ਤਾਂ ਦੋਹਾਂ ਦਾ ਬੁਰਾ ਹਾਲ ਹੋਵੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਂਜ ਵੀ ਤਨਖ਼ਾਹੀਆ ਤਾਂ ਸੁਖ਼ਬੀਰ ਸਿੰਘ ਬਾਦਲ ਹੀ ਕਰਾਰ ਦਿੱਤੇ ਗਏ ਹਨ ਇਸ ਲਈ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਜਾਂ ਫ਼ਿਰ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਨਿੱਤਰਣਾ ਚਾਹੀਦਾ ਹੈ ਨਹੀਂ ਤਾਂ ਫ਼ਿਰ ਬਾਦਲ ਪਰਿਵਾਰ ਨੂੰ ਇਹ ਸ਼ਰੇਆਮ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਮਨਪ੍ਰੀਤ ਬਾਦਲ ਨਾਲ ਮਿਲੇ ਹੋਏ ਹਾਂ ਅਤੇ ਉਸ ਖ਼ਿਲਾਫ਼ ਚੋਣ ਨਹੀਂ ਲੜਾਂਗੇ।
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱੜਬਾਹਾ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਹਨ ਜਦਕਿ ‘ਆਮ ਆਦਮੀ ਪਾਰਟੀ’ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਉਮੀਦਵਾਰ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਕੇਵਲ ਗਿੱਦੜਬਾਹਾ ਹੀ ਨਹੀਂ ਸਗੋਂ ਚਾਰਾਂ ਸੀਟਾਂ ਵਿੱਚੋਂ ਕਿਸੇ ਵੀ ਸੀਟ ਲਈ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ।
ਇਹ ਵੀ ਪੜ੍ਹੋ: ਫਸੀ ਚਿੱਕੜ ਵਿੱਚ ਗੱਡੀ ਅਕਾਲੀਆਂ ਦੀ, ਬਣਦੀ ਕੱਢਣ ਦੀ ਬਿੱਧ ਨਾ ਕੋਈ ਮੀਆਂ