ਯੈੱਸ ਪੰਜਾਬ
ਮੋਹਾਲੀ/ਚੰਡੀਗੜ੍ਹ, 26 ਨਵੰਬਰ, 2024
Punjab ਮੰਡੀ ਬੋਰਡ ਦੇ ਚੇਅਰਮੈਨ ਸ. Harchand Singh Barsat ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਚੱਲ ਰਹੇ ਖਰੀਦ ਕਾਰਜਾ ਦਾ ਜਾਇਜਾ ਲਿਆ ਗਿਆ। ਇਸ ਉਪਰੰਤ ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ ਪਹੁੰਚੇ ਝੋਨੇ ਦੀ 99 ਫੀਸਦੀ ਖਰੀਦ ਹੋ ਚੁੱਕੀ ਹੈ। ਇਸਦੇ ਨਾਲ ਹੀ 94 ਫੀਸਦੀ ਝੋਨੇ ਦੀ ਲਿਫਟਿੰਗ ਦਾ ਕਾਰਜ ਵੀ ਮੁਕੰਮਲ ਹੋ ਚੁੱਕਾ ਹੈ। ਪੰਜਾਬ ਰਾਜ ਦੀਆਂ ਸਮੂੰਹ ਮੰਡੀਆਂ ਵਿੱਚ ਹੁਣ ਝੋਨੇ ਦੀ ਫਸਲ ਦੀ ਰੋਜਾਨਾ ਆਮਦ ਵਿੱਚ ਕਮੀ ਆ ਰਹੀ ਹੈ। ਮੰਡੀਆਂ ਵਿੱਚ ਪਹੁੰਚ ਰਹੇ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਲਿਫਟਿੰਗ ਵੀ ਤੇਜੀ ਨਾਲ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਝੋਨੇ ਦੇ ਖਰੀਦ ਕਾਰਜਾਂ ਨੂੰ ਚੰਗੇ ਢੰਗ ਨਾਲ ਨੇਪਰੇ ਚਾੜ੍ਹਣ ਲਈ ਸੂਬੇ ਦੀਆਂ ਸਮੂੰਹ ਮੰਡੀਆਂ ਵਿੱਚ ਪੀਣ ਯੋਗ ਸਾਫ਼ ਪਾਣੀ, ਬਿਜਲੀ ਦੀਆਂ ਲਾਈਟਾਂ, ਸਾਫ਼-ਸਫਾਈ, ਬਾਥਰੂਮਾਂ, ਛਾਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸਦੇ ਚਲਦਿਆਂ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ।
ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 170.92 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਆਮਦ ਹੋਈ ਹੈ, ਜਿਸ ਵਿੱਚੋਂ 169.59 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਜਿਸ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 169.19 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਇਸਦੇ ਤਹਿਤ ਪਨਗ੍ਰੇਨ ਵੱਲੋਂ 69,67,446 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 1,46,721 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 43,15,088 ਮੀਟ੍ਰਿਕ ਟਨ, ਪਨਸਪ ਵੱਲੋਂ 35,70,177 ਮੀਟ੍ਰਿਕ ਟਨ, ਵੇਅਰ ਹਾਉਸ ਵੱਲੋਂ 19,19,332 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 40,506 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਬੀਤੇ ਸੋਮਵਾਰ ਨੂੰ ਮੰਡੀਆਂ ਵਿੱਚ 82,166 ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਆਮਦ ਹੋਈ, ਜਦਕਿ 1,00,566 ਮੀਟ੍ਰਿਕ ਟਨ ਦੀ ਖਰੀਦ ਹੋਈ ਹੈ ਅਤੇ 3.11 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੁਧਿਆਣਾ ਜਿਲ੍ਹੇ ਵਿੱਚ ਸਭ ਤੋਂ ਵੱਧ 16,15,221 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ, ਜਦਕਿ ਦੂਜੇ ਨੰਬਰ ਤੇ ਸੰਗਰੂਰ ਵਿੱਚ 13,10,872 ਮੀਟ੍ਰਿਕ ਟਨ ਅਤੇ ਤੀਜੇ ਨੰਬਰ ਤੇ ਬਠਿੰਡਾ ਵਿੱਚ 12,31,876 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ।