Wednesday, January 8, 2025
spot_img
spot_img
spot_img
spot_img

Punjab Vigilance Bureau ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ Dr Amit Bansal ਗ੍ਰਿਫ਼ਤਾਰ; Drug Inspector ਖਿਲਾਫ਼ ਵੀ ਕੇਸ ਦਰਜ

ਯੈੱਸ ਪੰਜਾਬ
ਚੰਡੀਗੜ੍ਹ, 01 ਜਨਵਰੀ, 2025

Punjab Vigilance Bureau ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲਾਏ ਜਾ ਰਹੇ 22 ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ Dr Amit Bansal ਪੁੱਤਰ ਸੁਭਾਸ਼ ਬਾਂਸਲ, ਵਾਸੀ ਮਕਾਨ ਨੰ. 141, ਸੈਕਟਰ 28-ਏ Chandigarh ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਡਰੱਗ ਇੰਸਪੈਕਟਰ ਲੁਧਿਆਣਾ ਰੂਪਪ੍ਰੀਤ ਕੌਰ ਨੂੰ ਵੀ ਇਸ ਮੁਕੱਦਮੇ ਵਿੱਚ ਸਹਿ ਦੋਸ਼ੀ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ Vigilance Bureau ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਉਕਤ ਦੋਹਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ-1, ਮੋਹਾਲੀ, ਪੰਜਾਬ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ. ਨੰਬਰ 12 ਮਿਤੀ 31.12.2024 ਅਧੀਨ ਕੇਸ ਦਰਜ ਕੀਤਾ ਗਿਆ ਹੈ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਅਮਿਤ ਬਾਂਸਲ ਪੰਜਾਬ ਵਿੱਚ ਕਰੀਬ 22 ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਹੈ, ਜਿੱਥੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਲਈ ਐਡਨੋਕ-ਐਨ 0.4 ਅਤੇ ਐਡਨੋਕ-ਐਨ 2.0 (ਬਿਊਪ੍ਰੇਨੋਰਫੀਨ ਅਤੇ ਨਲੋਕਸੋਨ) ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਡਾ. ਅਮਿਤ ਬਾਂਸਲ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ‘ਚ ਉਕਤ ਗੋਲੀਆਂ ਦੀ ਦੁਰਵਰਤੋਂ ਹੋ ਰਹੀ ਸੀ ਅਤੇ ਇਹ ਗੋਲੀਆਂ ਬਾਜ਼ਾਰ ‘ਚ ਅਜਿਹੇ ਵਿਅਕਤੀਆਂ ਅਤੇ ਨਸ਼ੇ ਦੇ ਆਦੀਆਂ ਨੂੰ ਵੇਚੀਆਂ ਜਾ ਰਹੀਆਂ ਸਨ, ਜਿਨ੍ਹਾਂ ਦਾ ਨਾਮ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ‘ਚ ਸ਼ਾਮਲ ਨਹੀਂ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਡਾਕਟਰ ਅਮਿਤ ਬਾਂਸਲ ਦੇ ਲੁਧਿਆਣਾ ਸਥਿਤ ਸਿਮਰਨ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀਆਂ ਵਿਦੰਤ ਅਤੇ ਕਮਲਜੀਤ ਸਿੰਘ ਵਿਰੁੱਧ ਥਾਣਾ ਐਸ.ਟੀ.ਐਫ, ਫੇਜ਼-4, ਮੋਹਾਲੀ ਵਿਖੇ ਮੁਕੱਦਮਾ ਨੰਬਰ 242 ਮਿਤੀ 05.10.2022 ਦਰਜ ਕੀਤਾ ਗਿਆ ਸੀ।

ਇਨ੍ਹਾਂ ਮੁਲਾਜ਼ਮਾਂ ਵੱਲੋਂ ਦਿੱਤੇ ਗਏ ਇਕਬਾਲੀਆ ਬਿਆਨਾਂ ਦੇ ਆਧਾਰ ‘ਤੇ ਉਨ੍ਹਾਂ ਕੋਲੋਂ ਕਰੀਬ 23000 ਗੋਲੀਆਂ ਅਤੇ 90000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਉਸੇ ਦਿਨ ਐਸ.ਟੀ.ਐਫ. ਦੀ ਟੀਮ ਨੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦੀ ਹਾਜ਼ਰੀ ਵਿੱਚ ਉਪਰੋਕਤ ਸਿਮਰਨ ਨਸ਼ਾ ਛੁਡਾਊ ਕੇਂਦਰ ਦੀ ਛਾਣਬੀਨ ਕੀਤੀ, ਜਿੱਥੇ ਰਿਕਾਰਡ ਅਨੁਸਾਰ 4610 ਗੋਲੀਆਂ ਘੱਟ ਪਾਈਆਂ ਗਈਆਂ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਛਾਣਬੀਨ ਤੋਂ ਬਾਅਦ ਨਿਰੀਖਣ ਟੀਮ ਦੇ ਦਸਤਖ਼ਤਾਂ ਹੇਠ ਰਿਪੋਰਟ ਤਿਆਰ ਕੀਤੀ ਗਈ ਪਰ ਉਕਤ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਪੰਜਾਬ ਨੂੰ ਇੱਕ ਵੱਖਰੀ ਰਿਪੋਰਟ ਭੇਜੀ, ਜਿਸ ਵਿੱਚ ਉਨ੍ਹਾਂ ਨੇ ਡਾ. ਅਮਿਤ ਬਾਂਸਲ ਨਾਲ ਮਿਲੀਭੁਗਤ ਕਰਕੇ ਉਸ ਨੂੰ 610 ਗੋਲੀਆਂ ਦੀ ਘਾਟ ਸਬੰਧੀ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ 4610 ਗੋਲੀਆਂ ਦੀ ਬਜਾਏ 4000 ਗੋਲੀਆਂ ਦੀ ਘਾਟ ਦਾ ਹੀ ਜ਼ਿਕਰ ਕੀਤਾ, ਜੋ ਸਪੱਸ਼ਟ ਤੌਰ ‘ਤੇ ਉਨ੍ਹਾਂ ਵੱਲੋਂ ਸਰਕਾਰੀ ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਨੂੰ ਦਰਸਾਉਂਦਾ ਹੈ।

ਜ਼ਿਕਰਯੋਗ ਹੈ ਕਿ ਕਿਸੇ ਵਿਅਕਤੀ ਵੱਲੋਂ ਡਾਕਟਰ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਨਾਮੀ ਇੱਕ ਹੋਰ ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸ ਦਾ ਤਤਕਾਲੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਤੁਰੰਤ ਨੋਟਿਸ ਲੈੰਦਿਆਂ ਇਸ ਸਬੰਧੀ ਥਾਣਾ ਸਿਟੀ, ਨਕੋਦਰ ਵਿਖੇ ਐਫ.ਆਈ.ਆਰ ਨੰਬਰ 64 ਮਿਤੀ 08.06.2024 ਦਰਜ ਕਰਵਾਈ ਗਈ ਸੀ। ਉਕਤ ਸਹਿਜ ਨਸ਼ਾ ਛੁਡਾਊ ਕੇਂਦਰ ਦੀ ਚੈਕਿੰਗ ਦੌਰਾਨ ਉੱਥੇ ਨਿਰੀਖਣ ਕਮੇਟੀ ਵੱਲੋਂ ਐਡਨੋਕ-ਐਨ ਦੀਆਂ ਕਰੀਬ 144000 ਗੋਲੀਆਂ ਘੱਟ ਪਾਈਆਂ ਗਈਆਂ ਸਨ।

ਤਤਕਾਲੀ ਡਿਪਟੀ ਕਮਿਸ਼ਨਰ ਜਲੰਧਰ ਨੇ ਜਾਂਚ ਪੂਰੀ ਹੋਣ ਤੱਕ ਉਕਤ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦੇ ਆਨਲਾਈਨ ਪੋਰਟਲ ਨੂੰ ਫ੍ਰੀਜ਼ ਕਰਨ ਅਤੇ ਇਸ ਦਾ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਡਾ. ਅਮਿਤ ਬਾਂਸਲ ਨੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਇਸ ਮਾਮਲੇ ਨੂੰ ਦਬਾ ਦਿੱਤਾ।

ਇਹ ਵੀ ਪਤਾ ਲੱਗਾ ਹੈ ਕਿ ਡਾ. ਅਮਿਤ ਬਾਂਸਲ ਦੀ ਮਾਲਕੀ ਵਾਲੇ ਇੱਕ ਹੋਰ ਆਦਰਸ਼ ਹਸਪਤਾਲ/ਨਸ਼ਾ ਛੁਡਾਊ ਕੇਂਦਰ ਪਟਿਆਲਾ ਦੇ ਮੁਲਾਜ਼ਮਾਂ ਵਿਰੁੱਧ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ ਇੱਕ ਵੱਖਰਾ ਮੁਕੱਦਮਾ ਨੰਬਰ 154 ਮਿਤੀ 11.11.2024 ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ-1 ਨੇ ਮੁਲਜ਼ਮ ਡਾ. ਅਮਿਤ ਬਾਂਸਲ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਸ ਸਾਰੇ ਗਠਜੋੜ ਵਿਚ ਸ਼ਾਮਲ ਹੋਰ ਮੁਲਾਜ਼ਮਾਂ/ਆਮ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਵਾਸਤੇ ਇਸ ਮੁਕੱਦਮੇ ਦੀ ਡੂੰਘਾਈ ਨਾਲ ਜਾਂਚ ਅਰੰਭੀ ਹੋਈ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ