ਯੈੱਸ ਪੰਜਾਬ
ਚੰਡੀਗੜ੍ਹ, 17 ਅਗਸਤ, 2024
ਪੰਜਾਬ ਦੇ ਮਾਲ ਵਿਭਾਗ ਦੇ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ 19 ਤੋਂ 21 ਤਕ ਹੜਤਾਲ ’ਤੇ ਜਾਣਗੇ।
ਇਸ ਗੱਲ ਦਾ ਐਲਾਨ ਅੱਜ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਾਰੀਖ਼ਾਂ ਵਿੱਚ ਤਹਿਸੀਲਾਂ ਨਾਲ ਸੰਬੰਧਤ ਆਪਣੇ ਕੰਮਾਂ ਲਈ ਤਹਿਸੀਲਾਂ ਵਿੱਚ ਨਾ ਆਉਣ।
ਐਸੋਸੀਏਸ਼ਨ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਪਣੀਆਂ ਮੰਗਾਂ ਲਿਆ ਚੁੱਕੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਮੰਨ ਲਏ ਜਾਣ ਦੇੇ ਬਾਵਜੂਦ ਵੀ ਅਜੇ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਜੇ 18 ਅਗਸਤ ਤਕ ਮੰਗਾਂ ਰਸਮੀ ਤੌਰ ’ਤੇ ਪ੍ਰਵਾਨ ਨਹੀਂ ਹੋ ਜਾਂਦੀਆਂ ਤਾਂ 19 ਤੋਂ 21 ਅਗਸਤ ਤਕ ਤਿੰਨ ਦਿਨ ਦੀ ਹੜਤਾਲ ਰਾਜ ਭਰ ਵਿੱਚ ਕੀਤੀ ਜਾਵੇਗੀ।
ਮਾਲ ਵਿਭਾਗ ਦੇ ਅਧਿਕਾਰੀ ਸਰਕਾਰੀ ਗੱਡੀਆਂ, ਸੁਰੱਖ਼ਿਆ ਅਤੇ ਆਪਣੇ ਸਾਥੀਆਂ ਖ਼ਿਲਾਫ਼ ਦਰਜ ਕੇਸਾਂ ਨੂੰ ਵਾਪਸ ਲੈਣ ਸਣੇ ਕੁਝ ਮੰਗਾਂ ’ਤੇ ਜ਼ੋਰ ਦੇ ਰਹੇ ਹਨ।
ਇਸ ਸੰਬੰਧੀ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਮਾਲ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਉੱਚ-ਅਫ਼ਸਰਸ਼ਾਹੀ ਨਾਲ ਐਸੋਸੀਏਸ਼ਨ ਦੀ ਮੁਲਾਕਾਤ ਵਿੱਚ ਮੰਗਾਂ ਮੰਨੀਆਂ ਜਾ ਚੁੱਕੀਆਂ ਹਨ ਅਤੇ ਕੇਸ ਵੀ ਜੋ ਵਾਪਸ ਲਏ ਜਾ ਸਕਦੇ ਹਨ ਲਏ ਜਾਣਗੇ। ਉਹਨਾਂ ਕਿਹਾ ਕਿ ਇਸ ਦੇ ਚੱਲਦਿਆਂ ਕੋਈ ਐਸਾ ਕਾਰਨ ਨਹੀਂ ਹੈ ਕਿ ਮਾਲ ਅਧਿਕਾਰੀਆਂ ਨੂੰ ਹੜਤਾਲ ’ਤੇ ਜਾਣਾ ਪਵੇ।
ਸ੍ਰੀ ਜਿੰਪਾ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਮਾਲ ਅਧਿਕਾਰੀ ਇਹ ਸਮਝਣਗੇ ਕਿ ਉਨ੍ਹਾਂ ਦੀ ਹੜਤਾਲ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੀ ਇਹ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਸਰਕਾਰੀ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਵੇ।
ਜ਼ਿਕਰਯੋਗ ਹੈ ਕਿ ਇਸ ਸਭ ਦੇ ਬਾਵਜੂਦ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇ 18 ਅਗਸਤ ਤਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ ਤਾਂ ਉਹ ਉਸੇ ਵੇਲੇ ਹੜਤਾਲ ਦਾ ਸੱਦਾ ਵਾਪਸ ਲੈ ਲੈਣਗੇ ਪਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ’ਤੇ ਜਾਣਗੇ।