ਯੈੱਸ ਪੰਜਾਬ
ਚੰਡੀਗੜ੍ਹ/ਅੰਮ੍ਰਿਤਸਰ, 22 ਨਵੰਬਰ, 2024
ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਦਰਜ ਕਰਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ , ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ, ਵਿਦੇਸ਼ੀ ਤਸਕਰਾਂ ਦੀ ਹਮਾਇਤ ਪ੍ਰਾਪਤ ਮਾਡਿਊਲ, ਦਾ ਪਰਦਾਫਾਸ਼ ਕਰਦੇ ਹੋਏ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਚੋਂ ਤਿੰਨ ਅਤਿ- ਆਧੁਨਿਕ 9 ਐਮ.ਐਮ. ਗਲੋਕ ਪਿਸਤੌਲਾਂ ਸਮੇਤ 10 ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ DGP Punjab Gaurav Yadav ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਪੁਤਲੀਘਰ ਦੇ ਵਿਨੋਦ ਕੁਮਾਰ ਉਰਫ ਰੰਗੀਲਾ, ਅੰਮ੍ਰਿਤਸਰ ਦੇ ਪਿੰਡ ਰੋੜੀਵਾਲਾ ਦੇ ਯੁਵਰਾਜ ਸਿੰਘ, ਅੰਮ੍ਰਿਤਸਰ ਦੇ ਪਿੰਡ ਰੋੜੀਵਾਲਾ ਦੇ ਸੁਰਖਾਬ ਸਿੰਘ, ਅੰਮ੍ਰਿਤਸਰ ਦੇ ਪਲਾਹ ਸਾਹਿਬ ਰੋਡ ਦੇ ਜੁਗਰਾਜ ਸਿੰਘ ਉਰਫ ਜੱਗੂ, ਬਟਾਲਾ ਦੇ ਪਿੰਡ ਸ਼ੇਰਪੁਰ ਦੇ ਅੰਮ੍ਰਿਤਪਾਲ ਸਿੰਘ ਅਤੇ ਬਟਾਲਾ ਦੇ ਪਿੰਡ ਮੁਮਰਾਈ ਦਾ ਰਹਿਣ ਵਾਲੇ ਪ੍ਰਭਦੀਪ ਸਿੰਘ ਉਰਫ ਹਰਮਨ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ, ਜੋ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਨੂੰ ਭਾਰਤੀ ਖੇਤਰ ਵਿੱਚ ਪਹੁੰਚਾਉਂਦੇ ਸਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਦੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਮੂਲੀਅਤ ਬਾਰੇ ਮਿਲੀ ਪੁਖ਼ਤਾ ਇਤਲਾਹ ਦੇ ਆਧਾਰ ’ਤੇ ਸੀ.ਆਈ.ਏ. ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਜਾਲ ਵਿਛਾਇਆ ਅਤੇ ਉਸ ਨੂੰ ਪ੍ਰਭਦੀਪ ਸਮੇਤ ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਦੋਸ਼ੀਆਂ ਦੇ ਖੁਲਾਸੇ ’ਤੇ, ਪੁਲਿਸ ਟੀਮਾਂ ਨੇ ਵੇਰਕਾ ਬਾਈਪਾਸ ਦੇ ਨੇੜੇ ਉਨ੍ਹਾਂ ਦੇ ਟਿਕਾਣੇ ਤੋਂ ਦੋ 9 ਐਮਐਮ ਗਲੋਕ ਪਿਸਤੌਲ ਅਤੇ ਪੰਜਾ .32 ਬੋਰ ਦੇ ਪਿਸਤੌਲਾਂ ਸਮੇਤ ਛੇ ਕਾਰਤੂਸ ਬਰਾਮਦ ਕੀਤੇ ਹਨ।
ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਕ ਹੋਰ ਕਾਰਵਾਈ ਦੌਰਾਨ ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਜੁਗਰਾਜ ਸਿੰਘ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਖ਼ਾਲਸਾ ਕਾਲਜ ਦੇ ਪਿਛਲੇ ਪਾਸਿਓਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਖੁਲਾਸੇ ’ਤੇ ਉਨ੍ਹਾਂ ਕੋਲੋਂ ਇਕ ਗਲੌਕ ਪਿਸਤੌਲ ਅਤੇ ਦੋ .32 ਬੋਰ ਦੇ ਪਿਸਤੌਲ ਸਮਤੇ ਚਾਰ ਕਾਰਤੂਸ ਬਰਾਮਦ ਕੀਤੇ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪਿਛਲੇ ਪਾਸੇ ਇਕ ਸੁੰਨੀ ਥਾਂ ’ਤੇ ਛੁਪਾਏ ਹੋਏ ਸਨ । ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੀ ਉਮੀਦ ਹੈ।
ਇਸ ਸਬੰਧੀ ਦੋ ਵੱਖ-ਵੱਖ ਮੁਕੱਦਮੇ ਜਿਨ੍ਹਾਂ ਵਿੱਚ ਐਫ.ਆਈ.ਆਰ ਨੰ.184 ਮਿਤੀ 21-11-2024 ਅਧੀਨ 25 ਅਸਲਾ ਐਕਟ ਅਤੇ ਭਾਰਤੀ ਨਿਆ ਸੰਹਿਤਾ ਦੀ ਧਾਰਾ 111(1)(2)(3)(4) ਥਾਣਾ ਛਾਉਣੀ ਅੰਮ੍ਰਿਤਸਰ ਵਿਖੇ ਅਤੇ ਥਾਣਾ ਵੇਰਕਾ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਐਫਆਈਆਰ ਨੰਬਰ 101 ਮਿਤੀ 21-11-2024 ਦਰਜ ਕੀਤੀ ਗਈ ਹੈ।