ਯੈੱਸ ਪੰਜਾਬ
ਚੰਡੀਗੜ੍ਹ, 29 ਅਕਤੂਬਰ, 2024
ਸੰਗਠਿਤ ਅਪਰਾਧ ਵਿਰੁੱਧ ਅਹਿਮ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਉੱਤਰ ਪ੍ਰਦੇਸ਼ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਲਖਨਊ ਤੋਂ ਵਿਦੇਸ਼ੀ ਹੈਂਡਲਰਾਂ ਦੀ ਹਮਾਇਤ ਪ੍ਰਾਪਤ ਦੋ ਬਦਨਾਮ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਸ਼ੂਟਰ ਪੰਜਾਬ ਵਿੱਚ ਵੱਖ-ਵੱਖ ਸਨਸਨੀਖੇਜ਼ ਕਤਲ ਕੇਸਾਂ ਵਿੱਚ ਲੋੜੀਂਦੇ ਸਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਿਕਰਮਜੀਤ ਉਰਫ਼ ਵਿੱਕੀ ਵਾਸੀ ਪਿੰਡ ਸੁਰ ਸਿੰਘ, ਤਰਨਤਾਰਨ ਅਤੇ ਪੰਜਾਬ ਸਿੰਘ ਵਾਸੀ ਪਿੰਡ ਸਾਂਧਰਾ, ਤਰਨਤਾਰਨ ਵਜੋਂ ਹੋਈ ਹੈ। ਇਹ ਦੋਵੇਂ ਲਖਨਊ ਵਿੱਚ ਆਪਣੇ ਵਿਦੇਸ਼ੀ ਹੈਂਡਲਰਾਂ ਵੱਲੋਂ ਦਿੱਤੇ ਗਏ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਵਿੱਕੀ 1 ਮਾਰਚ, 2024 ਨੂੰ ਤਰਨ ਤਾਰਨ ਵਿਖੇ ਗੋਪੀ ਚੋਹਲਾ ਦੇ ਗੋਲੀ ਮਾਰ ਕੇ ਕੀਤੇ ਕਤਲ ਵਿੱਚ ਸ਼ਾਮਲ ਸੀ, ਜਦੋਂ ਕਿ ਪੰਜਾਬ ਸਿੰਘ ਸਤੰਬਰ 2024 ਵਿੱਚ ਫਿਰੋਜ਼ਪੁਰ ਵਿਖੇ ਦਿਲਦੀਪ ਸਿੰਘ ਅਤੇ ਉਸਦੇ ਦੋਂ ਰਿਸ਼ਤੇਦਾਰਾਂ ਦੇ ਹੋਏ ਦਿਨ-ਦਿਹਾੜੇ ਤੀਹਰੇ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਹੈ।
ਜਾਣਕਾਰੀ ਮੁਤਾਬਕ, 3 ਸਤੰਬਰ ਨੂੰ ਦੁਪਹਿਰ 12:50 ਵਜੇ ਦੇ ਕਰੀਬ ਜਦੋਂ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਅਕਾਸ਼ਦੀਪ ਅਤੇ ਹਰਪ੍ਰੀਤ ਉਰਫ਼ ਜੌਂਟੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਕੰਬੋਜ ਨਗਰ, ਫਿਰੋਜ਼ਪੁਰ ਸ਼ਹਿਰ ਨੇੜੇ ਕਾਰ ਵਿੱਚ ਜਾ ਰਹੇ ਸਨ ਉਦੋਂ 6 ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਅੰਨ੍ਹਵਾਹ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਦਿਲਦੀਪ ਸਿੰਘ ਉਰਫ਼ ਲਾਲੀ, ਅਕਾਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ ਦੋ ਹੋਰ ਅਨਮੋਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਤੀਹਰੇ ਕਤਲ ਕਾਂਡ ਵਿੱਚ ਸ਼ਾਮਲ ਛੇ ਮੁਲਜ਼ਮਾਂ ਨੂੰ ਇਸ ਕਾਂਡ ਦੇ ਸੱਤ ਦਿਨਾਂ ਦੇ ਅੰਦਰ ਹੀ ਪੰਜਾਬ ਪੁਲਿਸ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਸਥਿਤ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈਸ ਹਾਈਵੇਅ ਤੋਂ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਦੋਸ਼ੀ ਪੰਜਾਬ ਸਿੰਘ ਫਰਾਰ ਸੀ।
ਡੀਜੀਪੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਮੁਲਜ਼ਮ ਵਿੱਕੀ ਕਤਲ, ਡਕੈਤੀ ਅਤੇ ਐਨਡੀਪੀਐਸ ਐਕਟ ਸਮੇਤ 12 ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਮੁਲਜ਼ਮ ਪੰਜਾਬ ਸਿੰਘ ਖ਼ਿਲਾਫ਼ ਕਤਲ, ਐਨਡੀਪੀਐਸ ਐਕਟ, ਆਰਮਜ਼ ਐਕਟ ਅਤੇ ਬਲਾਤਕਾਰ ਨਾਲ ਸਬੰਧਤ ਚਾਰ ਅਪਰਾਧਕ ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੀ ਚਿੱਟੇ ਰੰਗ ਦੀ ਹੁੰਡਈ ਅਲਕਾਜ਼ਾਰ (ਪੀਬੀ 60 ਡੀ 0036) ਗੱਡੀ ਨੂੰ ਵੀ ਜ਼ਬਤ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੋਵੇਂ ਅਪਰਾਧਾਂ ਵਿੱਚ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਵਿੱਚ ਸਰਗਰਮ ਦੋ ਸ਼ੂਟਰਾਂ ਦੀਆਂ ਸੰਭਾਵਿਤ ਛੁਪਣਗਾਹਾਂ ਅਤੇ ਵਾਹਨਾਂ ਦੇ ਵੇਰਵਿਆਂ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏਆਈਜੀ ਏਜੀਟੀਐਫ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਨੇ ਲਖਨਊ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਡੀਐਸਪੀ ਬਿਕਰਮਜੀਤ ਬਰਾੜ ਅਤੇ ਇੰਸਪੈਕਟਰ ਪੁਸ਼ਵਿੰਦਰ ਸਿੰਘ ਦੀ ਅਗਵਾਈ ਹੇਠ ਏਜੀਟੀਐਫ ਦੀਆਂ ਜੁਆਇੰਟ ਟੀਮਾਂ ਨੇ ਲਖਨਊ ਪੁਲਿਸ ਨਾਲ ਮਿਲ ਕੇ ਦੋਵੇਂ ਸ਼ੂਟਰਾਂ ਨੂੰ ਲਖਨਊ ਦੇ ਇੰਦਰਾ ਨਗਰ ਤੋਂ ਸਫ਼ਲਤਾਪੂਰਵਕ ਗ੍ਰਿਫਤਾਰ ਕਰ ਲਿਆ।