Tuesday, December 24, 2024
spot_img
spot_img
spot_img

ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ

ਯੈੱਸ ਪੰਜਾਬ
ਪਟਿਆਲਾ, 9 ਅਕਤੂਬਰ, 2024

ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਹਰ ਸਾਲ ਵੱਖ-ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਵਿਭਾਗ ਵੱਲੋਂ ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾ ਦੇ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 11 ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਹ ਪੁਰਸਕਾਰ ਪੰਜਾਬੀ ਮਾਹ (ਨਵੰਬਰ 2024) ਦੇ ਰਾਜ ਪੱਧਰੀ ਸਮਾਪਤੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਹਿੰਦੀ ਦੀਆਂ 2022 ਦੌਰਾਨ, ਸੰਸਕ੍ਰਿਤ 2022 ਤੇ 2023 ਦੌਰਾਨ ਅਤੇ ਉਰਦੂ ਦੀਆਂ 2023 ਦੌਰਾਨ ਛਪੀਆਂ ਪੁਸਤਕਾਂ ਦੀ ਸਰਵੋਤਮ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਗਈ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ ਅਤੇ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ। ਇਸ ਪੁਰਸਕਾਰ ’ਚ ਇਨਾਮੀ ਰਾਸ਼ੀ ਦੇ ਨਾਲ-ਨਾਲ ਇੱਕ ਪਲੇਕ ਅਤੇ ਸ਼ਾਲ ਭੇਂਟ ਕੀਤੀ ਜਾਵੇਗੀ।

ਹਿੰਦੀ ਦੇ ਸਾਲ 2023 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਅਮਰਜੀਤ ਕੌਂਕੇ ਦੀ ਪੁਸਤਕ ‘ਆਕਾਸ਼ ਕੇ ਪੰਨੇ ਪਰ’ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਯਸ਼ਪਾਲ ਸ਼ਰਮਾ ਦੀ ਪੁਸਤਕ ‘ਬਸੰਤੀ ਲੋਟ ਆਈ ਹੈ’ ਨੂੰ, ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ਡਾ. ਦਰਸ਼ਨ ਤ੍ਰਿਪਾਠੀ ਦੀ ਪੁਸਤਕ ‘ਔਰ ਸ਼ਮਾਂ ਜਲਤੀ ਰਹੀ’ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਵੀਣਾ ਵਿਜ ਦੀ ਪੁਸਤਕ ‘ਛੁਟ-ਪੁਟ ਅਫਸਾਨੇ’ ਨੂੰ ਅਤੇ ਬਾਲ ਸਾਹਿਤਯ ਪੁਰਸਕਾਰ ਸੁਕਰੀਤੀ ਭਟਨਾਗਰ ਦੀ ਪੁਸਤਕ ‘ਧਰੋਹਰ’ ਨੂੰ ਪ੍ਰਦਾਨ ਕੀਤੇ ਜਾਣਗੇ। ਦੱਸਣਯੋਗ ਹੈ ਕਿ ਉਕਤ ਪੁਰਸਕਾਰਾਂ ਲਈ ਵੱਖ-ਵੱਖ ਵੰਨਗੀਆਂ ਦੀਆਂ 23 ਪੁਸਤਕਾਂ ਪ੍ਰਾਪਤ ਹੋਈਆਂ ਸਨ।

ਸੰਸਕ੍ਰਿਤ ਦਾ ਸਾਲ 2022 ਨਾਲ ਸਬੰਧਤ ਕਾਲੀਦਾਸ ਪੁਰਸਕਾਰ ਡਾ. ਸਰਲਾ ਭਾਰਦਵਾਜ ਦੀ ਪੁਸਤਕ ‘ਸੰਸਕ੍ਰਿਤ ਸਾਹਿਤਯ ਮੇਂ ਨੈਤਿਕ ਮੁਲਯ ਐਵਮ ਰਾਸ਼ਟਰੀਆ ਚੇਤਨਾ’ ਨੂੰ ਅਤੇ ਸਾਲ 2023 ਦਾ ਕਾਲੀਦਾਸ ਪੁਰਸਕਾਰ ਮੋਹਨ ਲਾਲ ਸ਼ਰਮਾ ਦੀ ਪੁਸਤਕ ‘ਕੇਚਨ ਭਾਰਤੀਆ ਵਿਗਿਆਨਕ’ ਨੂੰ ਪ੍ਰਦਾਨ ਕੀਤੇ ਜਾਣਗੇ।

ਸਾਲ 2024 ਦੇ ਉਰਦੂ ਭਾਸ਼ਾ ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ/ਇਕਾਂਗੀ) ਮਲਕੀਤ ਸਿੰਘ ਮਛਾਣਾ ਦੀ ਪੁਸਤਕ ‘ਜੰਬੀਲ-ਏ-ਰੰਗ’ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਡਾ. ਸ਼ਸ਼ੀਕਾਂਤ ਉੱਪਲ ਦੀ ਪੁਸਤਕ ‘ਰੌਸ਼ਨੀ ਕਾ ਸਫ਼ਰ’ ਨੂੰ, ਹਾਫਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ) ਡਾ. ਇਮਰਾਨਾ ਖਾਤੂਨ ਦੀ ਪੁਸਤਕ ‘ਉਰਦੂ ਰੁਬਾਈ ਮੇਂ ਇਨਸਾਨੀ ਅਕਦਾਰ ਕੀ ਤਲਾਸ਼’ ਨੂੰ ਅਤੇ ਕਨ੍ਹੱਈਆ ਲਾਲ ਕਪੂਰ ਪੁਰਸਕਾਰ (ਨਸਰ) ‘ਜਨਾਬ ਮੁਹੰਮਦ ਬਸ਼ੀਰ ਮਾਲੇਰਕੋਟਲਵੀ’ ਦੀ ਪੁਸਤਕ ਅਜ਼ਕਾਰ (ਖਾਕੇ) ਨੂੰ ਪ੍ਰਦਾਨ ਕੀਤੇ ਜਾਣਗੇ।

ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਬਾਕੀ ਰਹਿੰਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ ਅਤੇ ਇਹ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਹੀ ਪ੍ਰਦਾਨ ਕਰ ਦਿੱਤੇ ਜਾਣਗੇ। ਉਨ੍ਹਾਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ