ਯੈੱਸ ਪੰਜਾਬ
ਚੰਡੀਗੜ੍ਹ, 10 ਜਨਵਰੀ, 2025
ਨਵਜੰਮੀਆ ਬੱਚੀਆ ਨੂੰ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਦਿਵਾਉਣ ਅਤੇ ਸੂਬੇ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ‘Dhiyan Di Lohri’ ਮਨਾਉਣਾ ਸਮੇਂ ਦੀ ਅਹਿਮ ਲੋੜ ਹੈ। ਧੀਆਂ ਇਸ ਦੇਸ਼ ਦੀ ਧਰੋਹਰ ਹਨ। ਕਿਸੇ ਵੀ ਦੇਸ਼ ਦੀ ਚਹੁੰਮੁਖੀ ਤਰੱਕੀ ਧੀਆਂ ਤੋਂ ਬਗੈਰ ਨਹੀਂ ਹੋ ਸਕਦੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ Tarunpreet Singh Sond ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਏ.ਐਸ.ਕਾਲਜ (ਲੜਕੀਆਂ), ਖੰਨਾ ਵਿਖੇ ਕਰਵਾਏ ਗਏ ‘ਧੀਆਂ ਦੀ ਲੋਹੜੀ’ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਮੌਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਦਾ ਸਮਾਗਮ ਧੀਆਂ ਨੂੰ ਸਮਰਪਿਤ ਹੈ। ਕੋਈ ਅਜਿਹਾ ਖੇਤਰ ਨਹੀਂ ਜਿੱਥੇ ਧੀਆਂ ਦਾ ਯੋਗਦਾਨ ਨਾ ਹੋਵੇ। ਅੱਜ ਦੀਆਂ ਧੀਆਂ ਮਾਹਰ ਡਾਕਟਰ, ਪਾਇਲਟ, ਸਾਇੰਸਦਾਨ ਅਤੇ ਪ੍ਰੋਫੈਸਰ ਹਨ। ਸਮਾਜ ਵਿਚ ਧੀਆਂ ਦਾ ਸਤਿਕਾਰ ਸਭ ਤੋਂ ਪਹਿਲੇ ਨੰਬਰ ‘ਤੇ ਹੈ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਧੀਆਂ ਦੇ ਸਤਿਕਾਰ ਅਤੇ ਨਾਰੀ ਸਸ਼ਕਤੀਕਰਨ ਤਹਿਤ ਅਨੇਕਾਂ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਤੇ ਤਸੱਲੀ ਪ੍ਰਗਟਾਈ ਕਿ ਮੌਜੂਦਾ ਸਮੇਂ ਬਹੁਤ ਸਾਰੀਆਂ ਲੜਕੀਆਂ ਸਰਕਾਰੀ ਨੌਕਰੀਆਂ ਅਤੇ ਹੋਰ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ।
ਸੌਂਦ ਨੇ ਕਿਹਾ ਕਿ ਧੀਆਂ ਹਮੇਸ਼ਾ ਆਪਣੇ ਮਾਪਿਆਂ ਦੀ ਖ਼ੈਰ ਮੰਗਦੀਆਂ ਹਨ ਅਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਮਾਹੌਲ ਸਿਰਜ ਕੇ ਦੇਈਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਧੀਆਂ-ਭੈਣਾਂ ਲਈ ਬਜਟ ਵਿੱਚ ਉਚੇਚਾ ਹਿੱਸਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਧੀਆਂ ਦੀ ਸਿੱਖਿਆ ਲਈ ਵੀ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਸੌਂਦ ਨੇ ਕਿਹਾ ਕਿ ਸਿੱਖਿਆ ਹੀ ਅਜਿਹੀ ਪੌੜੀ ਹੈ ਜਿਸ ਰਾਹੀ ਔਰਤਾਂ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਪਾ ਸਕਦੀਆਂ ਹਨ।
ਇਸ ਮੌਕੇ ਗਾਇਕ ਮੀਤ ਕੌਰ ਅਤੇ ਕਾਲਜ ਦੀਆਂ ਵਿਿਦਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਧਰਮ ਪਤਨੀ ਕਮਲਜੀਤ ਕੌਰ ਅਤੇ ਬੇਟੀ ਜਸਕੀਰਤ ਕੌਰ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਪ੍ਰੋਗਰਾਮ ਦੌਰਾਨ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਡਾਇਰੈਕਟਰ ਅੰਮ੍ਰਿਤ ਸਿੰਘ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਸਮੇਤ ਵੱਡੀ ਗਿਣਤੀ ‘ਚ ਲੜਕੀਆਂ ਹਾਜ਼ਰ ਸਨ।