ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 15 ਦਿਸੰਬਰ, 2024
ਅਹੁੱਦਾ ਛੱਡ ਰਹੇ ਰਾਸ਼ਟਰਪਤੀ Joe Biden ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੰਬਾ ਸਮਾਂ ਕੈਦ ਕੱਟ ਚੁੱਕੇ ਭਾਰਤੀ ਮੂਲ ਦੇ 4 ਅਮਰੀਕੀਆਂ ਸਮੇਤ 1500 ਕੈਦੀਆਂ ਦੀ ਸਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਨੇ ਇਹ ਕਦਮ ਨਿਆਂ ਨੂੰ ਬੜਾਵਾ ਦੇਣ ਤੇ ਮੁੜ ਵਸੇਬੇ ਦੇ ਮੰਤਵ ਨਾਲ ਚੁੱਕਿਆ ਹੈ।
ਜਾਰੀ ਇਕ ਬਿਆਨ ਵਿਚ Biden ਨੇ ਸਜ਼ਾ ਮੁਆਫ ਕਰਨ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਕ ਰਾਸ਼ਟਰਪਤੀ ਵਜੋਂ ਮੈਨੂੰ ਉਨਾਂ ਲੋਕਾਂ ਦੀ ਸਜ਼ਾ ਮੁਆਫ ਕਰਨ ਦਾ ਅਧਿਕਾਰ ਹੈ ਜਿਨਾਂ ਨੂੰ ਆਪਣੇ ਕੀਤੇ ਉਪਰ ਪਛਤਾਵਾ ਹੈ ਤੇ ਉਹ ਮੁੜ ਵਸੇਬੇ ਵਿਚ ਦਿਲਚਸਪੀ ਰੱਖਦੇ ਹਨ। ਮੈ ਇਨਾਂ ਲੋਕਾਂ ਨੂੰ ਮੌਕਾ ਦੇ ਰਿਹਾ ਹਾਂ ਕਿ ਉਹ ਰੋਜ਼ਾਨਾ ਦੇ ਕੰਮਕਾਰ ਵਿਚ ਹਿੱਸਾ ਲੈਣ ਤੇ ਸਮਾਜ ਵਿਚ ਆਪਣਾ ਯੋਗਦਾਨ ਪਾਉਣ।
ਉਨਾਂ ਹੋਰ ਕਿਹਾ ਕਿ ਮੈ ਇਹ ਕਦਮ ਅਹਿੰਸਕ ਅਪਰਾਧੀਆਂ ਖਾਸ ਕਰਕੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿਚ ਕੈਦ ਕੱਟ ਰਹੇ ਲੋਕਾਂ ਨਾਲ ਨਿਆਂ ਕਰਨ ਦੇ ਮਕਸਦ ਨਾਲ ਚੁੱਕਿਆ ਹੈ। ਜਿਨਾਂ 4 ਭਾਰਤੀ ਮੂਲ ਦੇ ਅਮਰੀਕੀਆਂ ਦਾ ਸਜ਼ਾ ਮੁਆਫ ਕੀਤੀ ਗਈ ਹੈ ਉਨਾਂ ਵਿਚ ਡਾਕਟਰ ਮੀਰਾ ਸਚਦੇਵਾ, ਬਾਬੂਭਾਈ ਪਟੇਲ, ਕ੍ਰਿਸ਼ਨਾ ਮੋਟੇ ਤੇ ਵਿਕਰਮ ਦੱਤਾ ਸ਼ਾਮਿਲ ਹਨ। 50 ਸਾਲਾ ਡਾ ਮੀਰਾ ਸਚਦੇਵਾ ਨੂੰ 2012 ਵਿਚ ਮੈਡੀਕੇਅਰ ਧੋਖਾਧੜੀ ਮਾਮਲੇ ਵਿਚ ਆਪਣਾ ਗੁਨਾਹ ਮੰਨ ਲੈਣ ਉਪਰੰਤ 20 ਸਾਲ ਜੇਲ ਦੀ ਸਜ਼ਾ ਹੋਈ ਸੀ।
ਸਚਦੇਵਾ ਦਾ ਮਿਸੀਸਿੱਪੀ ਵਿਚ ਆਪਣਾ ਰੋਜ ਕੈਂਸਰ ਸੈਂਟਰ ਹੈ। ਬਾਬੂਭਾਈ ਪਟੇਲ ਨੂੰ 2012 ਵਿਚ ਹੈਲਥ ਕੇਅਰ ਧੋਖਾਧੜੀ ਮਾਮਲੇ ਵਿਚ 17 ਸਾਲ ਕੈਦ ਦੀ ਸਜ਼ਾ ਹੋਈ ਸੀ। ਡੈਟਰਾਇਟ ਵਾਸੀ ਫਾਰਮਾਸਿਸਟ 5.7 ਕਰੋੜ ਡਾਲਰ ਦੀ ਹੈਲਥ ਕੇਅਰ ਫਰਾਡ ਸਕੀਮ ਵਿਚ ਦੋਸ਼ੀ ਪਾਇਆ ਗਿਆ ਸੀ।
ਪਟੇਲ ਦੀਆਂ ਸਮੁੱਚੇ ਮੈਟਰੋ ਡੈਟਰਾਇਟ ਵਿਚ 26 ਫਾਰਮੇਸੀਆਂ ਹਨ। 43 ਸਾਲਾ ਕ੍ਰਿਸ਼ਨਾ ਮੋਟੇ ਨੂੰ 2005 ਤੋਂ 2007 ਤੱਕ ਪੈਨਸਿਲਵਾਨੀਆ ਵਿਚ ਡਰੱਗ ਵਿਤਰਣ ਨੈੱਟਵਰਕ ਚਲਾਉਣ ਦੇ ਮਾਮਲੇ ਵਿਚ 2012 ਵਿਚ 20 ਸਾਲ ਕੈਦ ਦੀ ਸਜ਼ਾ ਹੋਈ ਸੀ।
ਚੌਥੇ ਭਾਰਤੀ ਮੂਲ ਦੇ ਅਮਰੀਕੀ ਵਿਕਰਮ ਦੱਤਾ ਜਿਸ ਦਾ ਯੂ ਐਸ-ਮੈਕਸੀਕੋ ਬਾਰਡਰ ਦੇ ਨਾਲ ਪ੍ਰਚੂਨ ਪਰਫਿਊਮ ਸਟੋਰ ਹੈ,ਨੂੰ ਹਵਾਲਾ ਕਾਰੋਬਾਰ ਦੇ ਮਾਮਲੇ ਵਿਚ 2012 ਵਿਚ 20 ਸਾਲ ਕੈਦ ਹੋਈ ਸੀ। ਉਹ ਮੈਕਸੀਕਨ ਨਾਰਕੋਟਿਕਸ ਸੰਗਠਨ ਲਈ ਕੰਮ ਕਰਦਾ ਸੀ। ਦੱਤਾ ਨੇ ਮੰਨ ਲਿਆ ਸੀ ਕਿ ਉਸ ਨੇ ਆਪਣੇ ਕਾਰੋਬਾਰ ਰਾਹੀਂ ਅਮਰੀਕਾ ਵਿਚ ਡਰੱਗ ਦੀ ਵਿਕਰੀ ਕਰਕੇ ਵੱਡੀ ਪੱਧਰ ‘ਤੇ ਪੈਸਾ ਕਮਾਇਆ ਤੇ ਫਿਰ ਉਸ ਗੈਰਕਾਨੂੰਨੀ ਪੈਸੇ ਨੂੰ ਮੈਕਸੀਕੋ ਭੇਜਿਆ ਸੀ।