ਯੈੱਸ ਪੰਜਾਬ
ਲੁਧਿਆਣਾ, ਅਗਸਤ 16, 2024:
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੂੰ ਪੰਜਾਬ ਰਾਜ ਦੇ ਵਾਤਾਵਰਣ ਨੂੰ ਸੁਧਾਰਨ ਵਿੱਚ ਯੋਗਦਾਨ ਪਾਉਣ ਅਤੇ ਸੁਰੱਖਿਅਤ ਰੱਖਣ ਲਈ ਸ਼ਹੀਦ ਭਗਤ ਸਿੰਘ ਰਾਜ ਸਲਾਨਾ ਵਾਤਾਵਰਣ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪੀ ਏ ਯੂ ਨੂੰ ਸੰਸਥਾਵਾਂ ਦੇ ਵਰਗ ਵਿਚ ਦਿੱਤਾ ਗਿਆ ਹੈ।
ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਸ ਬਲਕਾਰ ਸਿੰਘ ਨੇ ਅੱਜ ਪੀਏਯੂ, ਲੁਧਿਆਣਾ ਵਿਖੇ ਹੋਏ ਗਣਤੰਤਰ ਦਿਵਸ ਰਾਜ ਪੱਧਰੀ ਸਮਾਗਮ ਦੌਰਾਨ ਡਾ: ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਲੁਧਿਆਣਾ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ।
ਪੁਰਸਕਾਰ ਵਿੱਚ ਇਕ ਲੱਖ ਰੁਪਏ ਦੇ ਨਕਦ ਇਨਾਮ ਤੋਂ ਬਿਨਾਂ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਤੌਰ ਤੇ ਚਾਂਦੀ ਦੀ ਪਲੇਟ ਸ਼ਾਮਲ ਹੈ।
ਵਾਈਸ ਚਾਂਸਲਰ, ਡਾ: ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ, ਯੂਨੀਵਰਸਿਟੀ ਨੇ ਕੈਂਪਸ ਨੂੰ ਹਰਾ ਭਰਾ ਅਤੇ ਵਾਤਾਵਰਨ ਪੱਖੀ ਬਣਾਉਣ ਲਈ ਅਤੇ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਵਾਤਾਵਰਨ ਸੰਭਾਲ ਨਾਲ ਜੋੜਨ ਲਈ ਕਲੀਨ ਐਂਡ ਗ੍ਰੀਨ ਕੈਂਪਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਡਾ ਗੋਸਲ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਖੇਤੀ ਵਿਕਾਸ ਦੇ ਨਾਲ ਵਾਤਾਵਰਨ ਦੀ ਸੰਭਾਲ ਲਈ ਵੀ ਵਚਨਵੱਧ ਹੈ ਤੇ ਇਸ ਲਈ ਨਵੀਆਂ ਖੇਤੀ ਤਕਨਾਲੋਜੀਆਂ ਦੀ ਖੋਜ ਦੇ ਨਾਲ ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਇਸੇ ਦਿਸ਼ਾ ਵਿੱਚ, ਪੀਏਯੂ ਨੇ ਸੌਰ ਊਰਜਾ ਪੈਦਾ ਕਰਨ ਵਾਲਾ ਪਲਾਂਟ ਲਗਾ ਕੇ ਊਰਜਾ ਬਚਾਉਣ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦੀ ਰੀਚਾਰਜਿੰਗ, ਈ-ਰਿਕਸ਼ਾ, ਫਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਵਰਗੀਆਂ ਕਈ ਵਾਤਾਵਰਣ ਪੱਖੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ।
ਮਿਲਖ ਅਧਿਕਾਰੀ ਡਾ ਰਿਸ਼ੀ ਇੰਦਰਾ ਸਿੰਘ ਗਿੱਲ, ਡਾ: ਧਨਵਿੰਦਰ ਸਿੰਘ, ਮੁਖੀ, ਭੂਮੀ ਵਿਗਿਆਨ ਵਿਭਾਗ ਅਤੇ ਡਾ: ਸੰਦੀਪ ਸਿੰਘ, ਪ੍ਰਿੰਸੀਪਲ ਕੀਟ ਵਿਗਿਆਨੀ (ਫਲ) ਵੀ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਸਮੇਂ ਵਾਈਸ ਚਾਂਸਲਰ ਦੇ ਨਾਲ ਮੌਜੂਦ ਸਨ।