ਯੈੱਸ ਪੰਜਾਬ
ਲੁਧਿਆਣਾ, 7 ਅਕਤੂਬਰ, 2024
ਪੀ ਏ ਯੂ ਦੇ ਬਾਇਓਤਕਨਾਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਧਨਸ਼੍ਰੀ ਮਹਾਤਰੇ ਨੂੰ ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਹੋਈ ਅੰਤਰਰਾਸ਼ਟਰੀ ਕਣਕ ਕਾਂਗਰਸ ਵਿੱਚ ਸਰਵੋਤਮ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਹਰ ਦੋ-ਸਾਲਾਂ ਬਾਅਦ ਕਰਾਈ ਜਾਣ ਵਾਲੀ ਇਸ ਕਾਨਫਰੰਸ ਦਾ ਆਯੋਜਨ ਸੈਂਟਰ ਫਾਰ ਕਰੌਪ ਐਂਡ ਫੂਡ ਇਨੋਵੇਸ਼ਨਜ਼, ਮਰਡੋਕ ਯੂਨੀਵਰਸਿਟੀ, ਆਸਟ੍ਰੇਲੀਆ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਕਾਨਫਰੰਸ ਵਿਚ ਕਣਕ ਦੇ ਖੇਤਰ ਵਿਚ ਖੋਜ ਕਰਨ ਵਾਲੇ 52 ਦੇਸ਼ਾਂ ਦੇ 870 ਡੈਲੀਗੇਟਾਂ ਨੇ ਭਾਗ ਲਿਆ। ਭਾਰਤ ਦੇ 30 ਤੋਂ ਵੱਧ ਵਿਗਿਆਨੀ ਵੀ ਇਸ ਆਯੋਜਨ ਵਿਚ ਸ਼ਾਮਿਲ ਸਨ।
ਕੁਮਾਰੀ ਧਨਸ਼੍ਰੀ ਨੇ ਕਣਕ ਦੀਆਂ ਜੰਗਲੀ ਕਿਸਮਾਂ ਬਾਰੇ ਆਪਣੀ ਖੋਜ ਪੇਸ਼ ਕੀਤੀ। ਇਹ ਇਨਾਮ ਪ੍ਰਸਿੱਧ ਕਣਕ ਵਿਗਿਆਨੀ ਡਾ ਪੀਟਰ ਲੈਂਗਰਿਜ, ਪ੍ਰਧਾਨ ਵਿਗਿਆਨਕ ਬੋਰਡ ਅੰਤਰਰਾਸ਼ਟਰੀ ਕਣਕ ਖੋਜ ਪ੍ਰੋਗਰਾਮ ਅਤੇ ਰਾਜੀਵ ਵਾਰਸ਼ਨੇ, ਡਾਇਰੈਕਟਰ, ਸੀ.ਸੀ.ਐੱਫ.ਆਈ. ਦੀ ਮੌਜੂਦਗੀ ਵਿਚ ਵਿਦਿਆਰਥਣ ਨੂੰ ਦਿੱਤਾ ਗਿਆ।
ਵਿਦਿਆਰਥੀ ਦੇ ਮੁੱਖ ਸਲਾਹਕਾਰ ਡਾ: ਸਤਿੰਦਰ ਕੌਰ ਅਤੇ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ ਪਰਵੀਨ ਛੁਨੇਜਾ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕੁਮਾਰੀ ਧਨਸ਼੍ਰੀ ਮਹਾਤਰੇ ਦੁਆਰਾ ਪੇਸ਼ ਕੀਤੇ ਖੋਜ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਪੀ ਏ ਯੂ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕੁਮਾਰੀ ਧਨਸ਼੍ਰੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਡਾ: ਮਾਨਵ ਇੰਦਰ ਸਿੰਘ ਗਿੱਲ, ਡੀਨ, ਪੋਸਟਗ੍ਰੈਜੂਏਟ ਸਟੱਡੀਜ਼ ਨੇ ਵੀ ਵਿਦਿਆਰਥਣ ਦੀ ਖੋਜ ਦੀ ਪ੍ਰਸ਼ੰਸਾ ਕਰਦਿਆਂ ਇਸ ਕਾਰਜ ਨੂੰ ਜਾਰੀ ਰੱਖਣ ਲਈ ਪ੍ਰੇਰਿਆ।