ਯੈੱਸ ਪੰਜਾਬ
ਲੁਧਿਆਣਾ, 18 ਦਸੰਬਰ, 2024
PAU ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਅਧਿਆਪਕ ਅਤੇ ਕਾਲਜ ਦੇ ਸਿਖਲਾਈ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ Dr. Satish Kumar Gupta, ਨੂੰ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ ਖੇਤੀ ਇੰਜੀਨੀਅਰਾਂ ਦੀ ਸੁਸਾਇਟੀ ਅਤੇ ਅਸਾਹੀ ਇੰਡੀਆ ਫਾਉਂਡੇਸ਼ਨ ਦੁਆਰਾ ਵੱਕਾਰੀ ਗੁਰੂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਪੁਰਸਕਾਰ ਫਾਊਂਡੇਸ਼ਨ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਹੈ, ਅਤੇ ਇਹ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਸ਼ਾਨਦਾਰ ਕਾਰਜ ਨੂੰ ਅੰਜਾਮ ਦਿੱਤਾ ਹੋਵੇ।
ਇਸ ਪੁਰਸਕਾਰ ਨੂੰ ਪ੍ਰਦਾਨ ਕਰਨ ਮੌਕੇ ਸ਼੍ਰੀ ਸੀਵੀ ਰਮਨ, ਚੀਫ ਟੈਕਨੀਕਲ ਅਫਸਰ, ਮਾਰੂਤੀ ਸੁਜ਼ੂਕੀ ਅਤੇ ਐੱਸ ਏ ਈ ਇੰਡੀਆ ਦੇ ਪ੍ਰਧਾਨ, ਡਾ (ਸ਼੍ਰੀਮਤੀ) ਵਿਭਾ ਧਵਨ, ਡਾਇਰੈਕਟਰ ਜਨਰਲ ਟੀ ਈ ਆਰ ਆਈ ਅਤੇ ਸ਼੍ਰੀ ਆਈ ਵੀ ਰਾਓ, ਪ੍ਰਧਾਨ ਐੱਸ ਏ ਈ ਇੰਡੀਆ ਫਾਊਂਡੇਸ਼ਨ ਦੁਆਰਾ ਪ੍ਰਦਾਨ ਕੀਤਾ ਗਿਆ। ਇਹ ਚੋਣ ਮਾਰੂਤੀ ਸੁਜ਼ੂਕੀ, ਅਸਾਹੀ ਇੰਡੀਆ, ਸੁਬਰੋਸ ਵਰਗੀਆਂ ਪ੍ਰਮੁੱਖ ਕਾਰਪੋਰੇਟਾਂ ਦੇ ਉੱਘੇ ਮਾਹਰਾਂ ਦੀ ਜਿਊਰੀ ਦੁਆਰਾ ਕੀਤੀ ਗਈ ਸੀ।
ਡਾ: ਸਤੀਸ਼ ਨੇ 28 ਸਾਲ ਦੇ ਕਾਰਜ ਦੌਰਾਨ ਇੰਡੀਅਨ ਸੋਸਾਇਟੀ ਆਫ਼ ਐਗਰੀਕਲਚਰਲ ਇੰਜੀਨੀਅਰਜ਼ ਨਵੀਂ ਦਿੱਲੀ ਦੁਆਰਾ ਸ਼ਲਾਘਾ ਮੈਡਲ ਐਵਾਰਡ (2020) ਅਤੇ 2017 ਵਿੱਚ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦੁਆਰਾ ਸਰਵੋਤਮ ਅਧਿਆਪਕ ਐਵਾਰਡ ਅਤੇ ਪ੍ਰਸ਼ੰਸਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਵਲੋਂ ਖੇਤੀ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਟੀਮ ਨੇ 2023 ਅਤੇ 2024 ਵਿੱਚ ਵੀ ਰਾਸ਼ਟਰੀ ਪ੍ਰਤੀਯੋਗਤਾ ਤਿਫਾਨ ਜਿੱਤੀ ਹੈ।
ਸੰਯੁਕਤ ਸਕੱਤਰ ਅਤੇ ਖਜ਼ਾਨਚੀ ਵਜੋਂ ਉਨਾਂ ਦੇ ਕਾਰਜਕਾਲ ਦੌਰਾਨ ਆਈ ਐੱਸ ਏ ਈ ਦੇ ਪੰਜਾਬ ਚੈਪਟਰ ਨੂੰ ਦੋ ਵਾਰ ਸਰਵੋਤਮ ਚੈਪਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ: ਮਨਜੀਤ ਸਿੰਘ ਨੇ ਡਾ: ਸਤੀਸ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।