ਯੈੱਸ ਪੰਜਾਬ
ਚੰਡੀਗੜ੍ਹ, 15 ਅਪ੍ਰੈਲ, 2025
Punjab ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸ ਆਗੂ ਸ: Partap Singh Bajwa ਨੇ ਅੱਜ ਉਨ੍ਹਾਂ ਤੋਂ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਆਪਣੇ 50 ਗਰੇਨੇਡਾਂ ਵਾਲੇ ਬਿਆਨ ਦਾ ਸਰੋਤ ਜ਼ਾਹਿਰ ਨਹੀਂ ਕੀਤਾ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ: ਬਾਜਵਾ ਆਪਣੇ ਪਹਿਲਾਂ ਵਾਲੇ ਬਿਆਨ ’ਤੇ ਹੀ ਡਟੇ ਰਹੇ ਕਿ ਉਹਨਾਂ ਨੇ ਜੋ ਕਿਹਾ ਹੈ ਉਹ ਉਹਨਾਂ ਨੂੰ ਪੁਖ਼ਤਾਂ ਸਰੋਤਾਂ ਤੋਂ ਪ੍ਰਾਪਤ ਹੋਇਆ ਸੀ ਪਰ ਉਹ ਆਪਣੇ ਸਰੋਤਾਂ ਦਾ ਖ਼ੁਲਾਸਾ ਕਿਸੇ ਸਾਹਮਣੇ ਨਹੀਂ ਕਰਨਗੇ।
ਸੂਤਰਾਂ ਅਨੁਸਾਰ ਸ: ਪ੍ਰਤਾਪ ਸਿੰਘ ਬਾਜਵਾ ਦੇ 50 ਬੰਬ ਪੰਜਾਬ ਵਿੱਚ ਪੁੱਜਣ, 18 ਚੱਲ ਚੁੱਕੇ ਹੋਣ ਅਤੇ 32 ਅਜੇ ਚੱਲਣੇ ਹੋਣ ਸੰਬੰਧੀ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਦਿੱਤੇ ਬਿਆਨ ਨੂੰ ਅਤਿ ਗੰਭੀਰ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਦੱਸਦੇ ਹੋਏ ਇਸ ਬਿਆਨ ਨੂੰ ਆਧਾਰ ਬਣਾ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸੇ ਸੰਦਰਭ ਵਿੱਚ ਪੁਲਿਸ ਵੱਲੋਂ ਕਾਨੂੰਨ ਸਲਾਹ ਲਈ ਐਡਵੋਕੇਟ ਜਨਰਲ ਦਫ਼ਤਰ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਤਾਂ ਜੋ ਕੋਈ ਪੁਖ਼ਤਾ ਕੇਸ ਤਿਆਰ ਕੀਤਾ ਜਾ ਸਕੇ ਜਿਹੜਾ ਅਦਾਲਤਾਂ ਵਿੱਚ ਪੱਕੇ ਪੈਰੀਂ ਖੜ੍ਹੇ ਰਹਿਣ ਜੋਗਾ ਹੋਵੇ।
ਯਾਦ ਰਹੇ ਕਿ ਸ:ਬਾਜਵਾ ਵੱਲੋਂ ਦਿੱਤੇ ਉਕਤ ਬਿਆਨ ਤੋਂ ਬਾਅਦ ਰਾਜ ਵਿੱਚ ਸਿਆਸੀ ਮਾਹੌਲ ਭਖ਼ਿਆ ਹੋਇਆ ਹੈ। ਇਸੇ ਮਾਮਲੇ ਵਿੱਚ ਮੋਹਾਲੀ ਸਥਿਤ ਸਾਈਬਰ ਵਿੰਗ ਵੱਲੋਂ ਸ: ਬਾਜਵਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਅੱਜ ਸ: ਬਾਜਵਾ ਦੁਪਹਿਰ ਲਗਪਗ ਢਾਈ ਵਜੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਪੁੱਜੇ ਸਨ ਜਿੱਥੇ ਲਗਪਗ ਸਾਢੇ ਪੰਜ ਘੰਟੇ ਦੀ ਪੁੱਛਗਿੱਛ ਮਗਰੋਂ ਉਹਨਾਂ ਨੂੰ ਵਾਪਸ ਭੇਜਿਆ ਗਿਆ। ਸ: ਬਾਜਵਾ ਅਨੁਸਾਰ ਉਨ੍ਹਾਂ ਨੂੰ ਅਜੇ ਅੱਗੋਂ ਆਉਣ ਲਈ ਕੋਈ ਸਮਾਂ ਨਹੀਂ ਦਿੱਤਾ ਗਿਆ।
ਇਸੇ ਦੌਰਾਨ ਅੱਜ ਸ: ਬਾਜਵਾ ਦੀ ਹਮਾਇਤ ਵਿੱਚ ਕਾਂਗਰਸ ਆਗੂਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਣੇ ਅਨੇਕਾਂ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਪਹਿਲਾਂ ਕਾਂਗਰਸ ਭਵਨ ਵਿਖੇ ਇਕੱਠ ਕੀਤਾ ਅਤੇ ਫ਼ਿਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ ਜੋ ਸ:ਬਾਜਵਾ ਦੇ ਬਾਹਰ ਆਉਣ ਤਕ ਜਾਰੀ ਰਹੀ।
ਦੂਜੇ ਬੰਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦੀ ਅਗਵਾਈ ਹੇਠ ਪਾਰਟੀ ਵੱਲੋਂ ਇੱਕ ਧਰਨਾ ਫ਼ੇਜ਼ 2 ਮੁਹਾਲੀ ਥਾਣੇ ਦੇ ਬਾਹਰ ਦਿੱਤਾ ਗਿਆ ਅਤੇ ਸ: ਬਾਜਵਾ ਦੇ ਖ਼ਿਲਾਫ਼ ਸਖ਼ਤ ਐਕਸ਼ਨ ਦੀ ਮੰਗ ਕੀਤੀ ਗਈ।