ਯੈੱਸ ਪੰਜਾਬ
31 ਜੁਲਾਈ, 2024
ਪੰਜਾਬ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਤੇ ਪਾਵਰਕਾਮ ਦੀਆਂ ਸਟੇਜ਼ਾਂ ਰਾਹੀਂ ਨਾਮਣਾ ਖੱਟਣ ਵਾਲੇ ਪੰਜਾਬੀ ਗਾਇਕ ਪਰਮ ਚੀਮਾਂ ਦਾ ਗੀਤ ‘ਅੱਖੀਆਂ’ ਪ੍ਰਸਿੱਧ ਲੋਕ ਗਾਇਕ ਤੇ ਫਿਲਮ ਅਦਾਕਾਰ ‘ਰਾਜਵੀਰ ਜਵੰਧਾ’ ਵੱਲੋਂ ਰਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕ ਤੇ ਸਰੋਤੇ ਯੂ-ਟਿਊਬ ਅਤੇ ਦੁਨੀਆਂ ਭਰ ਦੀਆਂ ਸ਼ੋਸ਼ਲ ਸਾਈਟਾਂ ਉਪਰ ਇੱਕ ਅਗਸਤ ਨੂੰ ਸਵੇਰੇ 11:00 ਵਜੇ ਵੇਖ ਸਕਦੇ ਹਨ।
ਇਸ ਮੌਕੇ ਲੋਕ ਗਾਇਕ ‘ਰਾਜਵੀਰ ਜਵੰਧਾ’ ਨੇ ‘ਪਰਮ ਚੀਮਾਂ’ ਨੂੰ ਉਸਦੇ ਪਲੇਠੇ ਗੀਤ ‘ਅੱਖੀਆਂ’ ਦੇ ਰਲੀਜ਼ ਹੋਣ ‘ਤੇ ਵਧਾਈ ਦਿੰਦਿਆਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਗਾਇਕ ਚੰਗਾ ਗੀਤ ਲੈ ਕੇ ਹਾਜ਼ਰ ਹੁੰਦਾ ਹੈ, ਤਾਂ ਉਸ ਦਾ ਮਨੋਬਲ ਉਚਾ ਚੁੱਕਣ ਲਈ ਗੀਤ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਪੰਜਾਬੀ ਮਾਂ ਬੋਲੀ ਤੇ ਸਾਡੇ ਅਮੀਰ ਵਿਰਸੇ ਨੂੰ ਚੰਗੇ ਗੀਤਾਂ ਰਾਹੀਂ ਸੰਭਾਲਿਆ ਜਾ ਸਕਦਾ ਹੈ।
ਉਹਨਾਂ ਆਖਿਆ ਕਿ ਪਰਮ ਚੀਮਾਂ ਦਾ ਗੀਤ ‘ਅੱਖੀਆਂ’ ਇੱਕ ਮੁਹੱਬਤ ਹੈ, ਸੰਵੇਦਨਸ਼ੀਲ ਅਨੁਭਭ ਹੈ ਅਤੇ ਇਸ ਕਲਾਤਮਿਕ ਪੇਸ਼ਕਾਰੀ ਵਿੱਚ ਪੰਜਾਬ ਦੀ ਮਿੱਟੀ ਦਾ ਮੋਹ ਹੈ ਤੇ ਹਕੀਕੀ ਇਸ਼ਕ ਦਾ ਯਥਾਰਥ ਹੈ।
ਇਸ ਲਈ ਇਸ ਗੀਤ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ। ਇਸ ਮੌਕੇ ਪਰਮ ਚੀਮਾਂ ਨੇ ਲੋਕ ਗਾਇਕ ਰਾਜਵੀਰ ਜਵੰਧਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਹਮੇਸ਼ਾ ਸਾਫ਼-ਸੁਥਰੇ ਪੰਜਾਬੀ ਸੱਭਿਆਚਾਰਕ ਤੇ ਸਾਹਿਤਕ ਕੀ਼ਤਾਂ ਨੂੰ ਗਾਉਣ ਲਈ ਹੀ ਤਰਜ਼ੀਹ ਦਿੱਤੀ ਹੈ। ਇਹ ‘ਅੱਖੀਆਂ’ ਗੀਤ ਇੱਕ ਸੁਚੱਜੀ ਪਿਆਰ ਕਹਾਣੀ ਹੈ, ਜੋ ਡਰ, ਉਮੀਦਾਂ ਤੇ ਸ਼ੱਕਾਂ ਨੂੰ ਦਰਸਾਉਂਦੀ ਰੋਮਾਂਟਿਕ ਤੇ ਸਾਕਾਰਾਤਮਕ ਵੰਨਗੀ ਹੈ।
ਇਸ ਗੀਤ ਨੂੰ ‘ਅਮਰ ਆਡੀਓ’ ਦੇ ਬੈਨਰ ਹੇਠ ਯੂ-ਟਿਊਬ ਸਮੇਤ ਦੁਨੀਆਂ ਭਰ ਦੀਆਂ ਸ਼ੋਸ਼ਲ ਸਾਈਟਾਂ ਉਪਰ ਇੱਕ ਅਗਸਤ ਨੂੰ ਸਵੇਰੇ 11:00 ਵਜੇ ਵੇਖਿਆ ਜਾ ਸਕਦਾ ਹੈ।
ਪਰਮ ਚੀਮਾਂ ਨੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕੀਤੀ ਕਿ ‘ਅੱਖੀਆਂ’ ਗੀਤ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਹੋਏ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਸਰੋਤਿਆਂ ਤੱਕ ਪੁੱਜਦਾ ਕਰਨ ਲਈ ਸਹਿਯੋਗ ਕਰਿਓ, ਤਾਂ ਜੋ ਉਹ ਹੋਰ ਚੰਗੇ ਤੇ ਉਸਾਰੂ ਗੀਤ ਤਿਆਰ ਕਰ ਸਕਣ। ਇਸ ਮੌਕੇ ਉਹਨਾਂ ਦੇ ਨਾਲ ‘ਅਮਰ ਆਡੀਓ’ ਦੇ ਮੈਨੇਜਰ ਪ੍ਰਦੀਪ ਸ਼ਰਮਾਂ, ਲਿਸ਼ਕਾਰਾ ਟੀ.ਵੀ.ਕਨੇਡਾ ਦੇ ਡਾਇਰੈਕਟਰ ਕੁਲਦੀਪ ਸਿੰਘ ਲੋਹਟ, ਉਘੇ ਫਿਲਮੀ ਗੀਤਕਾਰ ਸਿੱਧੂ ਸਰਬਜੀਤ ਵੀ ਹਾਜ਼ਰ ਸਨ।