Friday, September 13, 2024
spot_img
spot_img
spot_img

ਅੰਮ੍ਰਿਤਸਰ ’ਚ NRI ’ਤੇ ਹਮਲਾ: ਜ਼ਖ਼ਮੀ ਸੁਖ਼ਚੈਨ ਸਿੰਘ ਦੀ ਮਾਤਾ ਨੇ ਕੀਤਾ ਕਿਸ ਵੱਲ ਇਸ਼ਾਰਾ?

ਯੈੱਸ ਪੰਜਾਬ
ਅੰਮ੍ਰਿਤਸਰ, 24 ਅਗਸਤ, 2024:

ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਸਨਿਚਰਵਾਰ ਸਵੇਰੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੋ ਬਾਈਕ ਸਵਾਰਾਂ ਨੇ ਐਂਨ.ਆਰ.ਆਈ. ਸੁਖ਼ਚੈਨ ਸਿੰਘ ਰਿੰਕੂ ਦੇ ਘਰ ਵੜ ਕੇ ਉਸਨੂੰ ਗੋਲੀਆਂ ਮਾਰ ਦਿੱਤੀਆਂ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ।

ਘਟਨਾ ਲਗਪਗ ਸਵੇਰੇ 7 ਵਜੇ ਵਾਪਰੀ ਜਦ ਸੁਖ਼ਚੈਨ ਸਿੰਘ ਦੇ ਘਰ ਪੁੱਜੇ ਦੋ ਸਪਲੈਂਡਰ ਬਾਈਕ ਸਵਾਰਾਂ ਨੇ ਪਹਿਲਾਂ ਸੁਖ਼ਚੈਨ ਸਿੰਘ ਵੱਲੋਂ ਹਾਲ ਹੀ ਵਿੱਚ ਲਈ ਗਈ ਲਗਪਗ ਡੇਢ ਕਰੋੜ ਦੀ ਮਰਸੀਡੀਜ਼ ਬਾਰੇ ਪੁੱਛ ਗਿੱਛ ਸ਼ੁਰੂ ਕੀਤੀ। ਇਸ ਵੇਲੇ ਪਰਿਵਾਰ ਜਾਗਿਆ ਹੋਇਆ ਸੀ ਅਤੇ ਸੁਖ਼ਚੈਨ ਸਿੰਘ ਜਿੰਮ ਜਾਣ ਲਈ ਨਿਕਲਣ ਵਾਲਾ ਸੀ। ਪਰਨੇ ਬੰਨ੍ਹੇ ਹੋਏ ਦੋਨਾਂ ਦੋਸ਼ੀਆਂ ਨੇ ਸੁਖ਼ਚੈਨ ਸਿੰਘ ਨੂੰ ਪਿਸਤੌਲ ਦੀ ਨੋਕ ’ਤੇ ਕੋਠੀ ਦੇ ਅੰਦਰ ਜਾਣ ਲਈ ਮਜਬੂਰ ਕੀਤਾ। ਵਰਨਣਯੋਗ ਹੈ ਕਿ ਦੋਵਾਂ ਹਮਲਾਵਰਾਂ ਨੇ ਆਉਣ ਜਾਣ ਤੋਂ ਲੈ ਕੇ ਸਾਰਾ ਸਮਾਂ ਆਪਣੇ ਮੂੰਹ ਨਹੀਂ ਛਿਪਾਏ ਅਤੇ ਬੜੇ ਬੇਬਾਕ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।

ਦੋਵਾਂ ਹਮਲਾਵਰਾਂ ਕੋਲ ਪਿਸਤੌਲਾਂ ਸਨ ਅਤੇ ਉਨ੍ਹਾਂ ਨੇ ਕੁਝ ਸਮੇਂ ਦੀ ਬਹਿਸ ਮਗਰੋਂ ਮ੍ਰਿਤਕ ਦੀ ਮਾਤਾ ਦੇ ਰੋਕਦਿਆਂ ਅਤੇ ਬੱਚਿਆਂ ਵੱਲੋਂ ‘ਅੰਕਲ ਪਾਪਾ ਨੂੰ ਨਾ ਮਾਰੋ’ ਦੀ ਦੁਹਾਈ ਦੇਣ ਦੇ ਬਾਵਜੂਦ ਸੁਖ਼ਚੈਨ ਸਿੰਘ ’ਤੇ ਬਹੁਤ ਨੇੜਿਉਂ ਵਾਰ ਕੀਤੇ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਹਮਲਾਵਰਾਂ ਨੇ ਕੁਲ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਦੋ ਸੁਖ਼ਚੈਨ ਸਿੰਘ ਨੂੰ ਲੱਗੀਆਂ। ਇਸੇ ਦੌਰਾਨ ਤਿੰਨ ਗੋਲੀਆਂ ਚਲਾਉਣ ਉਪਰੰਤ ਇੱਕ ਹਮਲਾਵਰ ਦੀ ਪਿਸਤੌਲ ਵਿੱਚ ਹੀ ਗੋਲੀ ਅੜ ਗਈ ਅਤੇ ਉਹ ਮੌਕੇ ਤੋਂ ਫ਼ਰਾਰ ਹੋ ਗਏ।

ਸੁਖ਼ਚੈਨ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਪਹਿਲਾਂ ਗੰਭੀਰ ਅਤੇ ਬਾਅਦ ਵਿੱਚ ਸਥਿਰ ਦੱਸੀ ਗਈ ਹੈ।

ਸੁਖ਼ਚੈਨ ਸਿੰਘ ਬਾਰੇ ਪਤਾ ਲੱਗਾ ਹੈ ਕਿ ਘਰ ਵਿੱਚ ਮੌਜੂਦ ਅਮਨ ਨਾਂਅ ਦੀ ਉਸਦੀ ਪਤਨੀ ਨਾਲ ਉਸਦਾ ਦੂਜਾ ਵਿਆਹ ਹੈ ਜਦਕਿ ਉਸਦੇ ਪਹਿਲੇ ਵਿਆਹ ਵਿੱਚੋਂ ਉਸਦਾ ਇੱਕ ਬੇਟਾ ਅਤੇ ਬੇਟੀ ਹੈ, ਜੋ ਘਟਨਾ ਸਮੇਂ ਘਰ ਵਿੱਚ ਹੀ ਮੌਜੂਦ ਸਨ ਅਤੇ ਉਨ੍ਹਾਂ ਦੇ ਸਾਹਮਣੇ ਹੀ ਅਤੇ ਉਨ੍ਹਾਂ ਦੇ ਰੋਂਦਿਆਂ ਕੁਰਲਾਉਂਦਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਵੇਲੇ ਘਰ ਦਾ ਇੱਕ ਨੌਕਰ ਵੀ ਘਰ ਵਿੱਚ ਮੌਜੂਦ ਸੀ।

ਪਤਾ ਲੱਗਾ ਹੈ ਕਿ ਸੁਖ਼ਚੈਨ ਸਿੰਘ ਪਿਛਲੇ ਲਗਪਗ ਇੱਕ ਸਾਲ ਤੋਂ ਅਮਰੀਕਾ ਤੋਂ ਵਾਪਸ ਭਾਰਤ ਆ ਕੇ ਇੱਥੇ ਸਥਾਪਿਤ ਹੋਣ ਦੇ ਚੱਕਰ ਵਿੱਚ ਹੈ। ਉਸਨੇ ਅੰਮ੍ਰਿਤਸਰ ਵਿੱਚ ਇੱਕ ਹੋਟਲ ਖ਼ਰੀਦਿਆ ਹੈ ਅਤੇ ਅਜੇ ਉਹ ਅਮਰੀਕਾ ਆਉਂਦਾ ਜਾਂਦਾ ਰਹਿੰਦਾ ਹੈ ਜਿੱਥੇ ਉਸਦਾ ਭਰਾ ਰਹਿ ਰਿਹਾ ਹੈ। ਉਸਦੀ ਪਤਨੀ ਅਨੁਸਾਰ ਉਹ ਕੁਝ ਸਮਾਂ ਪਹਿਲਾਂ ਵੀ ਅਮਰੀਕਾ ਗਿਆ ਹੋਇਆ ਸੀ ਅਤੇ 4 ਅਗਸਤ ਨੂੰ ਉਸਦਾ (ਪਤਨੀ ਦਾ) ਐਕਸੀਡੈਂਟ ਹੋਣ ਕਾਰਨ 6 ਅਗਸਤ ਨੂੰ ਹੀ ਭਾਰਤ ਵਾਪਸ ਆਇਆ ਸੀ।

ਪਰਿਵਾਰ ਨੇ ਫ਼ਿਰੌਤੀ ਦੀ ਮੰਗ ਜਿਹੀਆਂ ਕੋਈ ਕਾਲਾਂ ਆਉਣ ਤੋਂ ਇਨਕਾਰ ਕੀਤਾ ਹੈ ਪਰ ਇਹ ਕਿਹਾ ਹੈ ਕਿ ਜਾਨੋਂ ਮਾਰਣ ਦੀਆਂ ਧਮਕੀਆਂ ਜ਼ਰੂਰ ਮਿਲਦੀਆਂ ਸਨ। ਇਹ ਵੀ ਜ਼ਿਕਰਯੋਗ ਹੈ ਕਿ ਅੱਜ ਵਾਪਰੀ ਘਟਨਾ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੁੱਟ ਖ਼ੋਹ ਦੀ ਕੋਸ਼ਿਸ਼ ਨਜ਼ਰ ਨਹੀਂ ਆਈ ਸਗੋਂ ਇਹ ਮਾਮਲਾ ਕੇਵਲ ’ਤੇ ਕੇਵਲ ਸੁਖ਼ਚੈਨ ਸਿੰਘ ਨੂੰ ਨਿਸ਼ਾਨਾ ਬਣਾਉਣ ਦਾ ਹੀ ਜਾਪਦਾ ਹੈ।

ਇਸ ਮਾਮਲੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਸੁਖ਼ਚੈਨ ਸਿੰਘ ਦੀ ਪਹਿਲੀ ਪਤਨੀ ਨੇ 2022 ਵਿੱਚ ਖੁਦਕੁਸ਼ੀ ਕਰ ਲਈ ਸੀ ਜਿਸ ਬਾਰੇ ਸੁਖ਼ਚੈਨ ਸਿੰਘ, ਉਸਦੇ ਭਰਾ ਅਤੇ ਮਾਤਾ ’ਤੇ ਪਰਚਾ ਦਰਜ ਹੋਇਆ ਸੀ ਪਰ ਸੁਖ਼ਚੈਨ ਸਿੰਘ ਅਤੇ ਉਸਦਾ ਭਰਾ ਇਸ ਮਾਮਲੇ ਵਿੱਚੋਂ ਬਾਹਰ ਹੋ ਗਏ ਸਨ ਜਦਕਿ ਮਾਤਾ ਦੇ ਖ਼ਿਲਾਫ਼ ਪੁਲਿਸ ਵੱਲੋਂ ਚਲਾਨ ਪੇਸ਼ ਕੀਤਾ ਗਿਆ ਸੀ।

ਏ.ਡੀ.ਸੀ.ਪੀ. ਹਰਪਾਲ ਸਿੰਘ ਰੰਧਾਵਾ ਨੇ ਇਸ ਘਟਨਾ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਸ ਵਿੱਚ ਫ਼ਿਰੌਤੀ ਮੰਗਣ ਜਿਹਾ ਕੋਈ ਮਾਮਲਾ ਨਹੀਂ ਜਾਪਦਾ। ਉਹਨਾਂ ਕਿਹਾ ਕਿ ਪਰਿਵਾਰ ਨੇ ਕਦੇ ਇਸ ਬਾਰੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ। ਉਹਨਾਂ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ।

ਇਸੇ ਦੌਰਾਨ ਸੁਖ਼ਚੈਨ ਸਿੰਘ ਦੀ ਮਾਤਾ ਨੇ ਉਹਨਾਂ ਕਿਹਾ ਕਿ ਉਹਨਾਂ ਦੇ ਬੇਟੇ ਦੀ ਕਿਸੇ ਯਾਰ ਦੋਸਤ ਜਾਂ ਹੋਰ ਨਾਲ ਕੋਈ ਲਾਗ ਡਾਟ ਨਹੀਂ ਹੈ। ਉਹਨਾਂ ਨੇ ਹਮਲਾਵਰਾਂ ਬਾਰੇ ਆਪਣਾ ਸ਼ੱਕ ਜ਼ਾਹਿਰ ਕਰਦਿਆਂ ਨਾਂਅ ਲਏ ਬਿਨਾਂ ਕਿਹਾ ਹੈ ਕਿ ਉਹ ਦੁਆਬੇ ਵਿੱਚ ਬੇਗੋਵਾਲ ਤੋਂ ਹਨ ਅਤੇ ਇਹ ਗੱਲ ਪੁਲਿਸ ਨੂੰ ਦੱਸ ਦਿੱਤੀ ਗਈ ਹੈ।

Posted By Yes Punjab News Team

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ