ਯੈੱਸ ਪੰਜਾਬ
ਰੂਪਨਗਰ, 21 ਨਵੰਬਰ, 2024
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਐਨਸੀਸੀ ਡਾਇਰੈਕਟੋਰੇਟ ਦੇ ਏ. ਡੀ. ਜੀ. ਮੇਜਰ ਜਨਰਲ ਜਗਦੀਪ ਸਿੰਘ ਚੀਮਾ ਨੇ ਐਨਸੀਸੀ ਟ੍ਰੇਨਿੰਗ ਸਕੂਲ ਰੂਪਨਗਰ ਦਾ ਉਚੇਚੇ ਤੌਰ ਤੇ ਦੌਰਾ ਕੀਤਾ। ਮੇਜਰ ਜਨਰਲ ਜਗਦੀਪ ਸਿੰਘ ਚੀਮਾ ਦਾ ਅਕੈਡੰਮੀ ਵਿਖੇ ਪਹੁੰਚਣ ਉਤੇ ਗਰੁੱਪ ਹੇਡਕੁਆਟਰ ਪਟਿਆਲਾ ਦੇ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ, 23 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਅਫਸਰ ਕਰਨਲ ਟੀ.ਵਾਈ. ਐਸ. ਬੇਦੀ, ਪ੍ਰਬੰਧਕੀ ਅਫਸਰ ਕਰਨਲ ਰਾਜੇਸ਼ ਚੌਧਰੀ ਅਤੇ ਸੂਬੇਦਾਰ ਮੇਜਰ ਭਗਤ ਸਿੰਘ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਐਨ.ਸੀ.ਸੀ. ਕੈਡਿਟਾਂ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਮੌਕੇ ਮੇਜਰ ਜਨਰਲ ਜਗਦੀਪ ਸਿੰਘ ਚੀਮਾ ਵਲੋਂ ਅਕੈਡਮੀ ਵਿੱਚ ਚੱਲ ਰਹੇ ਅੰਤਰ-ਗਰੁੱਪ ਮੁਕਾਬਲਿਆਂ ਦੌਰਾਨ ਚੁਣੇ ਗਏ 125 ਐਨਸੀਸੀ ਕੈਡਿਟਾਂ ਨੂੰ ਉਤਸ਼ਾਹਿਤ ਕੀਤਾ ਅਤੇ ਸਾਲ 2025 ਦਿੱਲੀ ਵਿਖੇ 26 ਜਨਵਰੀ ਗਣਤੰਤਰ ਦਿਵਸ ਪਰੇਡ ਦੇ ਆਯੋਜਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਏ.ਡੀ.ਜੀ ਮੇਜਰ ਜਨਰਲ ਨੇ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਬੇਦੀ ਅਤੇ ਪ੍ਰਬੰਧਕੀ ਅਫਸਰ ਕਰਨਲ ਰਾਜੇਸ਼ ਚੌਧਰੀ ਵਲੋਂ ਅਕੈਡਮੀ ਵਿਖੇ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਹਾਨਾ ਕੀਤੀ।
ਏ.ਡੀ.ਜੀ. ਵਲੋਂ ਐਨਸੀਸੀ ਕੈਡਿਟਾਂ ਨੂੰ ਕੈਪਾਂ ਦੌਰਾਨ ਸ਼ੁੱਧ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਅਕੈਡੰਮੀ ਵਿਚ ਆਰ.ਓ. ਪਲਾਂਟ ਦਾ ਉਦਘਾਟਨ ਵੀ ਕੀਤਾ। ਕਰਨਲ ਬੇਦੀ ਵਲੋਂ ‘ਐਨਸੀਸੀ ਕੈਡਿਟਾਂ ਵਲੋਂ ਸਮਾਜ ਨੂੰ ਨਸ਼ਾ ਮੁਕਤੀ ਦਾ ਸੰਦੇਸ਼ ਦੇਣ ਲਈ ਕੱਢੀ ਜਾ ਰਹੀ ਸਾਇਕਲ ਯਾਤਰਾ ਬਾਰੇ ਵੀ ਜਾਣੂ ਕਰਵਾਇਆ।
ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ, ਪੂਰੇ ਦੇਸ਼ ਦੇ ਵੱਖ-ਵੱਖ ਐਨਸੀਸੀ ਡਾਇਰੈਕਟੋਰੇਟਾਂ ਦੇ ਐਨਸੀਸੀ ਕੈਡਿਟ, ਮਹੀਨਾ ਭਰ ਚੱਲਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਂਦੇ ਹਨ, ਜਿੱਥੇ ਵੱਖ-ਵੱਖ ਐਨਸੀਸੀ ਕੈਡਿਟਾਂ ਵਿੱਚ ਕਈ ਅੰਤਰ-ਡਾਇਰੈਕਟੋਰੇਟ ਮੁਕਾਬਲੇ ਕਰਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਐਨ.ਸੀ.ਸੀ. ਡਾਇਰੈਕਟੋਰੇਟ ਚੰਡੀਗੜ੍ਹ ਅਧੀਨ ਹੈਡ-ਕੁਆਟਰਾਂ ਦੇ 400 ਸੀਨੀਅਰ/ਜੂਨੀਅਰ ਵਿੰਗ ਦੇ ਲੜਕੇ ਅਤੇ ਲੜਕੀਆਂ ਨੂੰ ਵੱਖ-ਵੱਖ ਮੁਕਾਬਲਿਆਂ ਦੀ ਸਖਤ ਟ੍ਰੇਨਿੰਗ ਦਿੱਤੀ ਗਈ, ਜਿਨਾਂ ਵਿੱਚੋਂ 125 ਕੈਡਿਟ ਅੰਤਰ-ਗਰੁੱਪ ਮੁਕਾਬਲਿਆਂ ਦੌਰਾਨ ਚੁਣੇ ਗਏ ਜੋ ਕਿ ਨਵੀਂ ਦਿੱਲੀ ਵਿਖੇ ਰਿਪਲਕ ਡੇ ਕੈਂਪ ਵਿੱਚ ਭਾਗ ਲੈਣਗੇ।
23 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਅਫਸਰ ਕਰਨਲ ਟੀ.ਵਾਈ. ਐਸ. ਬੇਦੀ ਨੇ ਦੱਸਿਆ ਕਿ ਏ.ਡੀ.ਜੀ.ਮੇਜਰ ਜਨਰਲ ਜਗਦੀਪ ਸਿੰਘ ਚੀਮਾ ਵਲੋਂ ਅੱਜ ਐਨਸੀਸੀ ਅਕੈਡਮੀ ਵਿਚ ਪਹਿਲੀ ਵਾਰ ਵਿਸ਼ੇਸ਼ ਰੂਪ ਸ਼ਿਰਕਤ ਕੀਤੀ ਗਈ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਵਲੋਂ ਅਕੈਡਮੀ ਵਿੱਚ ਚੱਲ ਰਹੀਆਂ ਐਨਸੀਸੀ ਗਤੀਵਿਧੀਆਂ ਅਤੇ ਐਨਸੀਸੀ ਕੈਡਿਟਾਂ ਨੂੰ ਕੈਪਾਂ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਨਿਰੀਖਣ ਕੀਤਾ।
ਇਸ ਮੌਕੇ ਫਸਟ ਨੇਵਲ ਯੂਨਿਟ ਨੰਗਲ ਦੇ ਕੈਪਟਨ ਹਰਜੀਤ ਸਿੰਘ ਦਿਉਲ, ਸੂਬੇਦਾਰ ਮੇਜਰ ਭਗਤ ਸਿੰਘ, ਸੂਬਦਾਰ ਰਾਜੀਵ ਕੁਮਾਰ, ਸੂਬੇਦਾਰ ਆਰ. ਡੀ., ਸੂਬੇਦਾਰ ਸਰਵਨ ਸਿੰਘ, ਪੈਟੀ ਅਫਸਰ ਮਨਦੀਪ ਸਿੰਘ, ਪੈਟੀ ਅਫਸਰ ਗੁਰਦੇਵ ਸਿੰਘ, ਏ.ਐਨ.ਓ. ਪ੍ਰਿਤਪਾਲ ਸਿੰਘ, ਐਨ.ਸੀ.ਸੀ ਅਫਸਰ ਸਤਨਾਮ ਸਿੰਘ ਅਤੇ ਹੋਰ ਸਿਵਲੀਅਨ ਸਟਾਫ ਮੌਜੂਦ ਸਨ।