ਯੈੱਸ ਪੰਜਾਬ
ਮੋਹਾਲੀ, 21 ਅਗਸਤ, 2024:
ਜਨਮ ਦਿਨ ਮੌਕੇ ਆਪਣੀ ਮਹਿਲਾ ਮਿੱਤਰ ਨਾਲ ਖ਼ਰੜ ਦੇ ਇੱਕ ਨਿੱਜੀ ਗੈਸਟ ਹਾਊਸ ਵਿੱਚ ਠਹਿਰਣ ਆਏ ਨੌਜਵਾਨ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਹੋਟਲ ਦੇ ਕਮਰੇ ਵਿੱਚ ਬਣੇ ਬਾਥਰੂਮ ਤੋਂ ਬਰਾਮਦ ਕੀਤੀ ਗਈ ਹੈ।
ਮ੍ਰਿਤਕ ਦੀ ਪਛਾਣ 31 ਸਾਲਾ ਇਕਵਿੰਦਰ ਵਾਸੀ ਬੱਸੀ ਪਠਾਣਾਂ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਉਹ ਆਪਣੇ ਜਨਮ ਦਿਨ ਮੌਕੇ ਆਪਣੀ ਮਹਿਲਾ ਮਿੱਤਰ ਨਾਲ ਗੈਸਟ ਹਾਊਸ ਵਿੱਚ ਆਇਆ ਸੀ।
ਇਸੇ ਦੌਰਾਨ ਇਕਵਿੰਦਰ ਦੀ ਮਹਿਲਾ ਮਿੱਤਰ ਨੇ ਹੋਟਲ ਦੇ ਸਟਾਫ਼ ਨੂੰ ਸੂਚਿਤ ਕੀਤਾ ਕਿ ਇਕਵਿੰਦਰ ਬਾਥਰੂਮ ਗਿਆ ਸੀ ਪਰ ਉਹ ਹੁਣ ਦਰਵਾਜ਼ਾ ਨਹੀਂ ਖੋਲ੍ਹ ਰਿਹਾ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਦਰਵਾਜ਼ਾ ਖੋਲਿ੍ਹਆ ਗਿਆ ਤਾਂ Çਂੲਕਵਿੰਦਰ ਦੀ ਲਾਸ਼ ਬਾਥਰੂਮ ਵਿੱਚ ਪਈ ਮਿਲੀ।
ਇਹ ਵੀ ਪਤਾ ਲੱਗਾ ਹੈ ਕਿ ਲਾਸ਼ ਦੇ ਕੋਲ ਇਕ ਸਰਿੰਜ ਪਈ ਮਿਲੀ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਦੀ ਮੌਤ ਨਸ਼ੇ ਦੀ ਉਵਰਡੋਜ਼ ਕਰਕੇ ਹੋਈ ਹੋ ਸਕਦੀ ਹੈ। ਦੂਜੇ ਬੰਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋਟਲ ਦੇ ਬਾਥਰੂਮ ਦਾ ਦਰਵਾਜ਼ਾ ਇਕਵਿੰਦਰ ਦੇ ਬਾਥਰੂਮ ਜਾਣ ਤੋਂ 4-5 ਘੰਟੇ ਬਾਅਦ ਹੀ ਖੋਲਿ੍ਹਆ ਜਾ ਸਕਿਆ ਜਿਸ ਨਾਲ ਕਾਫ਼ੀ ਸਮਾਂ ਲੰਘ ਗਿਆ।
ਭਾਵੇਂ ਇਕਵਿੰਦਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਬੇਟੇ ਵੱਲੋਂ ਨਸ਼ੇ ਲੈਣ ਦੀ ਗੱਲ ਸਵੀਕਾਰੀ ਜਾ ਰਹੀ ਹੈ ਪਰ ਅਜੇ ਵੀ ਮੌਤ ਦਾ ਮਾਮਲਾ ਭੇਤ ਭਰਿਆ ਬਣਿਆ ਹੋਇਆ ਹੈ।
ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜੀ ਹੈਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਪੋਸਟ ਮਾਰਟਮ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।