ਯੈੱਸ ਪੰਜਾਬ
ਹੁਸ਼ਿਆਰਪੁਰ, 21 ਮਾਰਚ, 2025
ਸਦਨ ਵਿੱਚ ਕਿਸਾਨਾਂ ਦੇ ਮੁੱਦੇ ਉਠਾਉਂਦੇ ਹੋਏ ਲੋਕ ਸਭਾ ਮੈਂਬਰ Dr. Raj Kumar Chabbewal ਨੇ ਅੱਜ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਲਈ 20,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ।
ਸੰਸਦ ਵਿੱਚ ਕਿਸਾਨਾਂ ਦੇ ਮੁੱਦਿਆਂ ‘ਤੇ ਬੋਲਦਿਆਂ Aam Aadmi Party ਦੇ ਮੈਂਬਰ ਪਾਰਲੀਮੈਂਟ Dr. Raj Kumar Chabbewal ਨੇ ਸੂਬੇ ਦੇ ਕਿਸਾਨ ਵਰਗ ਦੀ ਮੌਜੂਦਾ ਹਾਲਤ ‘ਤੇ ਚਾਨਣਾ ਪਾਇਆ ਅਤੇ ਕੇਂਦਰ ਸਰਕਾਰ ਨੂੰ ਦੇਸ਼ ਦੇ ਵਿਕਾਸ ਵਿੱਚ ਕਿਸਾਨਾਂ ਦੇ ਵੱਡੇ ਯੋਗਦਾਨ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਪੂਰੇ ਦੇਸ਼ ਵਿੱਚ ਅੰਦੋਲਨ ਕਰਨ ਲਈ ਮਜਬੂਰ ਹਨ, ਇਸ ਲਈ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
Dr. Chabbewal ਨੇ ਕਿਹਾ ਕਿ Punjab ਕੋਲ ਸਿਰਫ਼ 3 ਫੀਸਦੀ ਵਾਹੀਯੋਗ ਜ਼ਮੀਨ (42 ਲੱਖ ਹੈਕਟੇਅਰ) ਹੈ, ਇਸ ਦੇ ਬਾਵਜੂਦ ਕੇਂਦਰੀ ਪੂਲ ਵਿੱਚ ਸੂਬਾ ਕੁੱਲ ਕਣਕ ਉਤਪਾਦਨ ਵਿੱਚ 18 ਫੀਸਦੀ ਕਣਕ, ਚੌਲਾਂ ਵਿੱਚ 11 ਫੀਸਦੀ ਅਤੇ ਕਪਾਹ ਵਿੱਚ 4 ਫੀਸਦੀ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਦੇਸ਼ ਦੇ ਗੰਨਾ ਉਤਪਾਦਕਾਂ ਨੂੰ ਗੰਨੇ ਦੇ ਸਭ ਤੋਂ ਵੱਧ ਭਾਅ ਦਿੱਤਾ ਹੈ ਅਤੇ ਰਾਜ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਸਟੇਟ ਅਗ੍ਰੀਡ ਮੁੱਲ (ਐਸ.ਏ.ਪੀ.) ਭਾਵ 400 ਰੁਪਏ ਤੋਂ ਵੱਧ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੋਰ ਫਸਲਾਂ ਦੇ ਨਾਲ-ਨਾਲ ਮੱਕੀ ਦੀ ਕਾਸ਼ਤ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।
ਸੰਸਦ ਮੈਂਬਰ ਡਾ. ਚੱਬੇਵਾਲ ਨੇ ਅਪੀਲ ਕੀਤੀ ਕਿ ਸੂਬਾ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਕੇ ਝੋਨੇ ਅਤੇ ਕਣਕ ਬੀਜਣ ਦੀ ਰਵਾਇਤ ਤੋਂ ਹਟਕੇ ਫਸਲਾਂ ਦੀ ਕਾਸ਼ਤ ਕਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਨੂੰ ਇਸ ਉਦੇਸ਼ ਲਈ 20,000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦੇ ਕੇ ਸੂਬੇ ਦੇ ਯਤਨਾਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ।
ਆਜ਼ਾਦੀ ਸੰਗਰਾਮ ਅਤੇ ਹਰੀ ਕ੍ਰਾਂਤੀ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਦੇਸ਼ ਨੂੰ ਖੁਰਾਕ ਸੁਰੱਖਿਆ ਦੇ ਮਾਮਲੇ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ।
ਹੋਰਨਾਂ ਫਸਲਾਂ ‘ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਖੇਤੀਬਾੜੀ ਦੇ ਹਾਲਾਤ ਵਿੱਚ ਬਦਲਾਅ ਅਤੇ ਕਾਸ਼ਤ ਤੇ ਮਸ਼ੀਨਰੀ ਦੀਆਂ ਕੀਮਤਾਂ ‘ਚ ਵਾਧੇ ਕਰਕੇ ਕਈ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਕੇਂਦਰ ਨੂੰ ਖਾਸ ਕਰ ਔਖੇ ਸਮੇਂ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ।