ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 11, 2024:
ਅਧਿਕਾਰੀਆਂ ਵੱਲੋਂ ਇਸ ਸਾਲ ਜੂਨ ਮਹੀਨੇ ਵਿਚ ਮਿਸੂਰੀ ਰਾਜ ਦੇ ਇਕ ਪੁਲਿਸ ਅਫਸਰ ਵੱਲੋਂ ਅੱਤ ਦੀ ਗਰਮੀ ਵਿਚ ਆਪਣਾ ਕੇ-9 ਅਫਸਰ (ਕੁੱਤਾ) ਦਿਨ ਭਰ ਕਾਰ ਵਿਚ ਛੱਡ ਦੇਣ ਦੀ ਪੁਸ਼ਟੀ ਕਰ ਦੇਣ ਤੋਂ ਬਾਅਦ ਸਬੰਧਤ ਪੁਲਿਸ ਅਫਸਰ ਵਿਰੁੱਧ ਜਾਨਵਰਾਂ ਨਾਲ ਬਦਸਲੂਕੀ ਦੇ ਦੋਸ਼ ਆਇਦ ਕਰ ਲੈਣ ਦੀ ਖਬਰ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕੁੱਤੇ ਦੀ ਮੌਤ ਗਰਮੀ ਕਾਰਨ ਸਾਹ ਘੁਟ ਜਾਣ ਦੇ ਸਿੱਟੇ ਵਜੋਂ ਹੋਈ ਸੀ।
ਸਾਵਾਨਾਹ ਦੇ ਪੁਲਿਸ ਅਫਸਰ ਲੈਫਟੀਨੈਂਟ ਡੈਨੀਅਲ ਜ਼ੀਗਲਰ ਵਿਰੁੱਧ ਐਂਡਰੀਊ ਕਾਊਂਟੀ ਦੀ ਇਕ ਅਦਾਲਤ ਵਿਚ ਦੋਸ਼ ਆਇਦ ਕੀਤੇ ਗਏ ਹਨ। ਕੇ-9 ਅਫਸਰ ਇਕ ਜਰਮਨ ਸ਼ੈਫਰਡ ਕੁੱਤਾ ਸੀ ਜਿਸ ਦਾ ਨਾਂ ਹੌਰਸ ਸੀ।
20 ਜੂਨ ਨੂੰ ਪੁਲਿਸ ਅਫਸਰ ਜ਼ੀਗਲਰ ਨਾਲ ਰਾਤ ਦੀ ਡਿਊਟੀ ਖਤਮ ਕਰਨ ਉਪਰੰਤ ਉਸ ਨੂੰ ਕਾਰ ਵਿਚ ਹੀ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਉਸ ਦਿਨ ਸ਼ਾਮ 6 ਵਜੇ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ ਸੀ।
ਜ਼ੀਗਲਰ ਨੇ ਸਾਵਾਨਾਹ ਦੇ ਪੁਲਿਸ ਮੁੱਖੀ ਡੇਵ ਵਿਨਸੈਂਟ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਕੇ-9 ਪੁਲਿਸ ਅਫਸਰ ਦੀ ਮੌਤ ਹੋ ਚੁੱਕੀ ਹੈ।